ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਦੇ ਪਿੰਡ ਰੋਹਣੋਂ ਖ਼ੁਰਦ 'ਚ ਇਕ ਸੱਸ ਨੇ ਆਪਣੀ ਨੂੰਹ ਦਾ ਕਤਲ ਕਰ ਕੇ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ। ਫਿਰ 11 ਮਹੀਨੇ ਮਗਰੋਂ ਉਸ ਨੇ ਮੁੜ ਲਾਸ਼ ਨੂੰ ਬਾਹਰ ਕੱਢ ਕੇ ਪਿੰਜਰ ਦੀਆਂ ਹੱਡੀਆਂ ਨੂੰ ਪੀਸ ਕੇ ਛੋਟੇ-ਛੋਟੇ ਟੁਕੜੇ ਕੀਤੇ ਤੇ ਖੂਹ 'ਚ ਸੁੱਟ ਦਿੱਤਾ। ਪਰ ਕਹਿੰਦੇ ਹਨ ਕਿ ਅਪਰਾਧੀ ਕਿੰਨਾ ਵੀ ਚਲਾਕ ਹੋਵੇ ਉਹ ਕਨੂੰਨ ਦੇ ਹੱਥੋਂ ਨਹੀਂ ਬਚ ਸਕਦਾ। ਅਖੀਰ ਢਾਈ ਸਾਲ ਬਾਅਦ ਮਾਮਲੇ ਤੋਂ ਪਰਦਾ ਹਟ ਗਿਆ ਤੇ ਖੰਨਾ ਪੁਲਿਸ ਨੇ ਮੁਲਜ਼ਮ ਸੱਸ ਤੇ ਉਸ ਦੇ ਇਕ ਸਾਥੀ ਨੂੰ ਕਤਲ ਦੇ ਦੋਸ਼ 'ਚ ਕਾਬੂ ਕਰ ਲਿਆ ਹੈ।

ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ 'ਚ ਸੱਸ ਬਲਜੀਤ ਕੌਰ ਤੇ ਉਸ ਦੇ ਪੇਕੇ ਸਰਹਿੰਦ ਦੇ ਪਿੰਡ ਮੁੱਲਾਂਪੁਰ ਖ਼ੁਰਦ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਕੁੱਕੂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਲਜੀਤ ਕੌਰ ਦੇ ਲੜਕੇ ਗੁਰਜੀਤ ਸਿੰਘ ਦਾ ਵਿਆਹ ਗੁਰਮੀਤ ਕੌਰ ਦੇ ਨਾਲ ਹੋਇਆ ਸੀ। ਦੋਵਾਂ ਦਾ ਇਕ ਪੁੱਤਰ ਵੀ ਸੀ। ਗੁਰਜੀਤ ਸਿੰਘ ਵਿਦੇਸ਼ ਰਹਿੰਦਾ ਸੀ ਤੇ ਬਲਜੀਤ ਕੌਰ ਨੂੰ ਆਪਣੀ ਨੂੰਹ ਦੇ ਚਾਲ-ਚੱਲਣ 'ਤੇ ਸ਼ੱਕ ਸੀ ਜਿਸ ਕਾਰਨ ਦੋਵਾਂ 'ਚ ਝਗੜਾ ਹੁੰਦਾ ਰਹਿੰਦਾ। ਬਲਜੀਤ ਕੌਰ ਨੂੰ ਉਸ ਦੀ ਨੂੰਹ ਗੁਰਮੀਤ ਕੌਰ ਕੁੱਟਦੀ ਵੀ ਸੀ। ਆਪਣੇ ਹਾਲਾਤ ਦੀ ਜਾਣਕਾਰੀ ਬਲਜੀਤ ਕੌਰ ਨੇ ਕਸ਼ਮੀਰ ਸਿੰਘ ਨੂੰ ਦਿੱਤੀ ਤੇ ਆਪਣੀ ਨੂੰਹ ਨੂੰ ਮਾਰਨ ਲਈ ਇਕ ਲੱਖ ਰੁਪਏ 'ਚ ਸੌਦਾ ਤੈਅ ਕੀਤਾ।

10 ਦਸੰਬਰ 2017 ਦੀ ਰਾਤ ਨੂੰ ਬਲਜੀਤ ਕੌਰ ਨੇ ਕਸ਼ਮੀਰ ਸਿੰਘ ਦੇ ਆਉਣ ਤੋਂ ਪਹਿਲਾਂ ਗੁਰਮੀਤ ਕੌਰ ਨੂੰ ਨੀਂਦ ਦੀਆਂ ਗੋਲ਼ੀਆਂ ਖੁਆ ਦਿੱਤੀਆਂ। ਫਿਰ ਬੇਹੋਸ਼ੀ ਦੀ ਹਾਲਤ 'ਚ ਦੋਵਾਂ ਨੇ ਗੁਰਮੀਤ ਕੌਰ ਦਾ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਘਰ ਦੇ ਬਰਾਂਡੇ 'ਚ ਹੀ ਦੱਬ ਦਿੱਤਾ। ਇਸ ਤੋਂ 11 ਮਹੀਨੇ ਬਾਅਦ ਦੋਵਾਂ ਨੇ ਦੁਬਾਰਾ ਲਾਸ਼ ਨੂੰ ਕੱਢਿਆ ਤੇ ਲੋਹੇ ਦੇ ਕਿਸੇ ਔਜ਼ਾਰ ਨਾਲ ਹੱਡੀਆਂ ਦੇ ਛੋਟੇ ਟੁਕੜੇ ਕਰਨ ਮਗਰੋਂ ਉਸ ਦੇ ਸੂਟ ਤੇ ਟੋਪੀ ਨਾਲ ਸਾੜਿਆ ਤੇ ਔਜ਼ਾਰ, ਸ਼ਾਲ, ਟੋਪੀ ਤੇ ਹੱਡੀਆਂ ਨੂੰ ਇਕ ਪੁਰਾਣੇ ਖੂਹ 'ਚ ਸੁੱਟ ਦਿੱਤਾ। ਪੁਲਿਸ ਨੇ ਹੁਣ ਉਹ ਹੱਡੀਆਂ ਦੇ ਟੁਕੜੇ ਬਰਾਮਦ ਕਰ ਲਏ ਹਨ।

ਗੁਰਮੀਤ ਕੌਰ ਦੇ ਅਗਵਾ ਹੋਣ ਦਾ ਮਾਮਲਾ ਹੋਇਆ ਸੀ ਦਰਜ

2017 'ਚ ਗੁਰਮੀਤ ਕੌਰ ਦੀ ਹੱਤਿਆ ਤੋਂ ਬਾਅਦ ਬਲਜੀਤ ਕੌਰ ਨੇ ਸਭ ਨੂੰ ਦੱਸਿਆ ਕਿ ਉਹ ਆਪਣੇ ਪ੍ਰਰੇਮੀ ਸਤਿੰਦਰ ਸਿੰਘ ਉਰਫ਼ ਬੱਬੂ ਨਿਵਾਸੀ ਘੜੂਆਂ (ਮੋਹਾਲੀ) ਦੇ ਨਾਲ ਭੱਜ ਗਈ ਤੇ ਆਪਣੇ ਨਾਲ ਕਰੀਬ 22 ਲੱਖ ਰੁਪਏ ਵੀ ਉਨ੍ਹਾਂ ਦੇ ਲੈ ਗਈ। ਇਸ 'ਤੇ ਪੁਲਿਸ ਨੇ ਸਤਿੰਦਰ ਸਿੰਘ ਖ਼ਿਲਾਫ਼ ਅਗਵਾ ਤੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਸੀ। ਹੁਣ ਕੀਤੀ ਗਈ ਜਾਂਚ 'ਚ ਇਹ ਵੀ ਸਾਫ਼ ਹੋਇਆ ਕਿ ਉਸ ਵੇਲੇ ਸਤਿੰਦਰ ਸਿੰਘ ਭਾਰਤ 'ਚ ਨਹੀਂ ਸਗੋਂ ਦੁਬਈ 'ਚ ਸੀ ਹਾਲਾਂਕਿ, ਪੁਲਿਸ ਨੇ ਡੀਐੱਨਏ ਦੀ ਰਿਪੋਰਟ ਆਉਣ ਤਕ ਸਤਿੰਦਰ ਸਿੰਘ ਖ਼ਿਲਾਫ਼ ਦਰਜ ਕੇਸ ਨੂੰ ਰੱਦ ਨਹੀਂ ਕੀਤਾ ਹੈ। ਇਸ ਐੱਫਆਈਆਰ 'ਚ ਬਲਜੀਤ ਕੌਰ ਤੇ ਕਸ਼ਮੀਰ ਸਿੰਘ ਦੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ।

ਸ਼ਰਾਬ ਦੇ ਨਸ਼ੇ 'ਚ ਖੋਲ੍ਹ ਦਿੱਤਾ ਭੇਤ

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਸ਼ਮੀਰ ਸਿੰਘ ਨੇ ਕਿਸੇ ਦੇ ਸਾਹਮਣੇ ਸ਼ਰਾਬ ਦੇ ਨਸ਼ੇ 'ਚ ਢਾਈ ਸਾਲ ਪਹਿਲਾਂ ਕੀਤਾ ਦੋਸ਼ ਉਗਲ ਦਿੱਤਾ। ਗੱਲ ਖੁੱਲ੍ਹੀ ਤਾਂ ਪੁਲਿਸ ਤਕ ਪਹੁੰਚ ਗਈ। ਇਸ 'ਤੇ ਪੁਲਿਸ ਨੇ ਕਸ਼ਮੀਰ ਸਿੰਘ ਨੂੰ ਕਾਬੂ ਕਰ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਭੇਤ ਖੋਲ੍ਹ ਦਿੱਤਾ। ਡੀਐੱਸਪੀ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਮਿ੍ਤਕਾ ਗੁਰਮੀਤ ਕੌਰ ਦੇ ਇਟਲੀ 'ਚ ਰਹਿ ਰਹੇ ਪਤੀ ਗੁਰਜੀਤ ਸਿੰਘ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਗੁਰਮੀਤ ਕੌਰ ਦੇ ਭੱਜਣ ਦੀ ਐੱਫਆਈਆਰ ਤੋਂ 4-5 ਮਹੀਨੇ ਬਾਅਦ ਹੀ ਭਾਰਤ 'ਚ ਆ ਕੇ ਦੂਜਾ ਵਿਆਹ ਕਰ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੂੰ ਵੀ ਇਸ ਹੱਤਿਆ ਬਾਰੇ ਜਾਣਕਾਰੀ ਸੀ।