ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮਕਾਨ ਮਾਲਕ ਵਲੋਂ ਕਿਰਾਏਦਾਰ ਦੇ ਸਿਰ ਵਿੱਚ ਸੋਟੀਆਂ ਨਾਲ ਕਈ ਵਾਰ ਕਰ ਕੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗੁੱਸੇ ਵਿੱਚ ਆਏ ਮਕਾਨ ਮਾਲਕ ਨੇ ਸਿਰਫ਼ ਇਕ ਹਜ਼ਾਰ ਰੁਪਏ ਕਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਾਬਾ ਦੀ ਪੁਲਿਸ ਨੇ ਮ੍ਰਿਤਕ ਵਿਜੇ ਮੌਰਿਆ (30) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਇਲਾਕੇ ਵਿੱਚ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਗਗਨ ਨਗਰ ਦੇ ਵਾਸੀ ਮੁਲਜ਼ਮ ਗੱਬਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਵਿਜੇ ਮੌਰਿਆ ਪਿਛਲੇ ਢਾਈ ਸਾਲਾਂ ਤੋਂ ਲੁਧਿਆਣਾ ਦੇ ਗਗਨ ਨਗਰ 'ਚ ਗੱਬਰ ਸਿੰਘ ਦੇ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਸੀ। ਮਿਹਨਤ ਮਜ਼ਦੂਰੀ ਕਰਨ ਵਾਲੇ ਵਿਜੈ ਨਾਲ ਅਕਸਰ ਗੱਬਰ ਸਿੰਘ ਦੀ ਮਾਮੂਲੀ ਬਹਿਸ ਹੁੰਦੀ ਰਹਿੰਦੀ ਸੀ। ਕੁਝ ਦਿਨ ਪਹਿਲੋਂ ਗੱਬਰ ਸਿੰਘ ਦੇ ਇੱਕ ਹਜ਼ਾਰ ਰੁਪਏ ਚੋਰੀ ਹੋ ਗਏ। ਚੋਰੀ ਦੇ ਇਸ ਮਾਮਲੇ ਵਿੱਚ ਗੱਬਰ ਸਿੰਘ ਵਿਜੇ ਮੌਰਿਆ 'ਤੇ ਸ਼ੱਕ ਕਰ ਰਿਹਾ ਸੀ।

ਵੀਰਵਾਰ ਰਾਤ ਨੂੰ ਉਸ ਨੇ ਵਿਜੈ ਨੂੰ ਗਲੀ ਵਿੱਚ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਆਂਢੀਆਂ-ਗੁਆਂਢੀਆਂ ਨੇ ਝਗੜਾ ਛੁਡਵਾ ਦਿੱਤਾ ਪਰ ਗੱਬਰ ਸਿੰਘ ਮਨ ਵਿੱਚ ਰੰਜਿਸ਼ ਰੱਖੀ ਬੈਠਾ ਸੀ। ਸ਼ੁੱਕਰਵਾਰ ਸਵੇਰੇ ਗੱਬਰ ਨੇ ਵਿਜੈ ਨੂੰ ਫਿਰ ਤੋਂ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਵਿਜੈ ਦੇ ਸਿਰ ਵਿੱਚ ਸੋਟੀ ਨਾਲ ਕਈ ਵਾਰ ਕੀਤੇ। ਗੱਬਰ ਸਿੰਘ ਨੇ ਵਿਜੈ ਨੂੰ ਐਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸਦੀ ਥਾਂ ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਡਾਬਾ ਦੇ ਇੰਚਾਰਜ ਮਹਿਮਾ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਗੱਬਰ ਸਿੰਘ ਦੇ ਖਿਲਾਫ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕੀਤੀ ਅਤੇ ਮੁਲਜ਼ਮ ਨੂੰ ਨਾਕਾਬੰਦੀ ਦੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੇ ਮੁਤਾਬਕ ਸ਼ਨਿੱਚਰਵਾਰ ਸਵੇਰੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Posted By: Jagjit Singh