ਸਟਾਫ ਰਿਪੋਰਟਰ, ਖੰਨਾ

ਬੀਤੇ ਦਿਨੀ ਮਾਛੀਵਾੜਾ ਪੁਲਿਸ ਵੱਲੋਂ ਫ਼ੌਜ 'ਚੋਂ ਛੁੱਟੀ ਆਏ ਫ਼ੌਜੀ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਪਰਿਵਾਰਕ ਮੈਂਬਰਾਂ ਨੇ ਪਤਨੀ ਸਮੇਤ ਹੋਰਨਾਂ ਵਿਅਕਤੀਆਂ ਵੱਲੋਂ ਸਾਜਿਸ਼ ਕਰਾਰਦਿਆਂ ਫ਼ੌਜੀ ਦੇ ਕਤਲ ਦਾ ਸ਼ੱਕ ਜਤਾਇਆ ਹੈ। ਪਿੰਡ ਵਾਸੀਆਂ ਤੇ ਪਰਿਵਾਰ ਦੇ ਲੋਕਾਂ ਨੇ ਐੱਸਐੱਸਪੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਵੀ ਦਿੱਤਾ। ਹਰਪ੍ਰਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹਰਪ੍ਰਰੀਤ ਸਿੰਘ ਆਪਣੀ ਪਤਨੀ ਮਨਦੀਪ ਕੌਰ ਦੇ ਨਾਲ ਸਹੁਰੇ ਪਰਿਵਾਰ ਵਿਆਹ ਸਮਾਗਮ 'ਚ ਗਿਆ ਸੀ ਤਾਂ ਅਗਲੇ ਦਿਨ ਥਾਣੇ 'ਚੋਂ ਫੋਨ ਰਾਹੀਂ ਪਤਾ ਲੱਗਾ ਕਿ ਹਰਪ੍ਰਰੀਤ ਦਾ ਸਾਮਾਨ ਨਹਿਰ ਕੋਲੋਂ ਬਰਾਮਦ ਹੋਇਆ ਹੈ। ਇਸ ਮਗਰੋਂ ਹਰਪ੍ਰਰੀਤ ਦੀ ਪਤਨੀ ਨੇ ਹਰਪ੍ਰਰੀਤ ਨੂੰ ਕਿਸੇ ਵੱਲੋਂ ਬੰਦੀ ਬਣਾਉਣ ਦਾ ਮੁਕੱਦਮਾ ਦਰਜ ਕਰਵਾਉਂਦੇ ਹੋਏ ਜਾਂਚ ਦੀ ਮੰਗ ਕੀਤੀ।

ਉਥੇ ਹੀ ਦੂਜੇ ਪਾਸੇ ਹਰਪ੍ਰਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਉਨ੍ਹਾਂ ਉਸਦੇ ਪਤੀ ਦੇ ਸਹੁਰੇ ਘਰ ਤੋਂ ਪੈਦਲ ਜਾਂਦੇ ਸਮੇਂ ਦੀਆਂ ਸੀਸੀਟੀਵੀ ਫੁੁਟੇਜ ਵੀ ਪੁਲਿਸ ਨੂੰ ਦੇ ਦਿੱਤੀਆਂ ਹਨ। ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਕਿਹਾ ਜਾਂਚ ਸਬੰਧੀ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ। ਪਰਿਵਾਰ ਵਾਲਿਆਂ ਨੂੰ ਜੋ ਵੀ ਸ਼ੱਕ ਹੈ ਉਹ ਤਿੰਨ ਮੈਂਬਰੀ ਐੱਸਆਈਟੀ ਦੂਰ ਕਰੇਗੀ।