ਪਰਗਟ ਸੇਹ, ਬੀਜਾ : ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਰੇਲ ਰੋਕੋ ਦੇ ਸੱਦੇ 'ਤੇ ਰੇਲਵੇ ਸਟੇਸ਼ਨ ਚਾਵਾ ਵਿਖੇ ਪੁੱਜੇ ਯੂਥ ਕਿਸਾਨ ਮੋਰਚਾ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ ਨੇ ਕਿਹਾ ਕਿਸਾਨੀ ਸੰਘਰਸ਼ 'ਚ ਸਿੱਖ ਕੌਮ ਦਾ ਵਡਮੁੱਲਾ ਯੋਗਦਾਨ ਹੈ। ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਘੇਰਨ ਤੁਰੀਆਂ ਸਨ ਤਾਂ ਉਨ੍ਹਾਂ ਦਾ ਸਾਥ ਦੇਣ ਲਈ ਨਿਹੰਗ ਸਿੰਘ ਫ਼ੌਜਾਂ ਅੱਗੇ ਆਈਆਂ ਸਨ।

ਕੇਂਦਰ ਸਰਕਾਰ ਹਰ ਹੀਲਾ ਵਰਤ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪੱਬਾਂ ਭਾਰ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਇਸ ਤੋਂ ਸੁਚੇਤ ਹਨ। ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਇਸ ਘਟਨਾ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਕੋਈ ਅਸਰ ਨਹੀਂ ਹੋਣਾ ਚਾਹੀਦਾ। ਕਿਉਂਕਿ ਇਹ ਘਟਨਾ ਗੁਰ-ਮਰਿਆਦਾ ਨਾਲ ਜੁੜੀ ਹੋਈ ਹੈ। ਇਸ ਘਟਨਾ ਨਾਲ ਕਿਸਾਨੀ ਸੰਘਰਸ਼ ਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿਸਾਨ ਯੂਨੀਅਨਾਂ ਦੇ ਆਗੂ ਕਿਸਾਨੀ ਸੰਘਰਸ਼ ਦੇ ਨਾਲ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰ ਕਰਨ। ਇਸ ਮੌਕੇ ਜਗਰੂਪ ਸਿੰਘ ਰਾਏਪੁਰ, ਬਿੱਲਾਂ ਧਮੋਟ, ਤੇਜਿੰਦਰ ਸਿੰਘ ਸਿਹੋੜਾ, ਸੇਠੀ ਸਿਹੋੜਾ, ਅਨੋਖ ਸਿੰਘ ਸਿਹੋੜਾ, ਬਲਵਿੰਦਰ ਸਿੰਘ ਸਿਹੋੜਾ, ਗੁਰਮੁੱਖ ਸਿੰਘ ਸਿਹੋੜਾ ਆਦਿ ਹਾਜ਼ਰ ਸਨ।