ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਹੈਕਰ ਵੱਲੋਂ ਕੁੜੀ ਦੀ ਫੇਸਬੁੱਕ ਆਈਡੀ ਹੈਕ ਕਰ ਕੇ ਉਸ ਦੀਆਂ ਤਸਵੀਰਾਂ ਕਿਸੇ ਹੋਰ ਵਿਅਕਤੀ ਨਾਲ ਜੋੜਨ ਤੋਂ ਬਾਅਦ ਅਪਡੇਟ ਕਰ ਦਿੱਤੀਆਂ ਗਈਆਂ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਕੁੜੀ ਦੇ ਭਰਾ ਦੇ ਬਿਆਨਾਂ 'ਤੇ ਪਿੰਡ ਲਲਤੋਂ ਦੇ ਵਾਸੀ ਰਾਜਪ੍ਰੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਭਰਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੀ ਭੈਣ ਦਾ ਫੇਸਬੁੱਕ ਆਈਡੀ ਹੈਕ ਕਰ ਲਿਆ ਤੇ ਉਸ ਦੀਆਂ ਤਸਵੀਰਾਂ ਕਿਸੇ ਹੋਰ ਵਿਅਕਤੀ ਨਾਲ ਜੋੜ ਕੇ ਉਸੇ ਦੇ ਆਈਡੀ ਉਪਰ ਅਪਲੋਡ ਕਰ ਦਿੱਤੀਆਂ। ਐਨਾ ਹੀ ਨਹੀਂ ਮੁਲਜ਼ਮ ਨੇ ਭੱਦੀ ਸ਼ਬਦਾਵਲੀ ਵੀ ਲਿਖੀ। ਲੜਕੀ ਦੇ ਭਰਾ ਨੇ ਇਸ ਦੀ ਸ਼ਿਕਾਇਤ 'ਤੇ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ। ਆਈਟੀ ਸੈੱਲ ਤੇ ਥਾਣਾ ਸਦਰ ਦੀ ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ਦੇ ਮੁਲਜ਼ਮ ਰਾਜਪ੍ਰੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਇਸ ਮਾਮਲੇ 'ਚ ਇੰਸਪੈਕਟਰ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Amita Verma