ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨਕਾਬਪੋਸ਼ ਤਿੰਨ ਹਮਲਾਵਰਾਂ ਨੇ ਨੌਜਵਾਨ ਦੀ ਧੌਣ 'ਤੇ ਚਾਕੂ ਰੱਖ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ 26 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਨੌਜਵਾਨ ਮੁਤਾਬਿਕ ਇਹ ਹਮਲਾ ਸੋਨੀਆ ਤੇ ਦਲੀਪ ਨੇ ਮਿਲ ਕੇ ਕਰਵਾਇਆ ਹੈ। ਇਸ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ ਗੁਲਾਬੀ ਬਾਗ ਦੇ ਵਾਸੀ ਮੁਹੰਮਦ ਸੈਫ ਦੇ ਬਿਆਨਾਂ 'ਤੇ ਦਲੀਪ ਕੁਮਾਰ ਸੋਨੀਆ ਤੇ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਹੰਮਦ ਸੈਫ ਨੇ ਦੱਸਿਆ ਕਿ ਉਸ ਦੀ ਸੋਨੀਆ ਨਾਲ ਦੋਸਤੀ ਸੀ, ਦਲੀਪ ਦੇ 'ਚ ਆ ਜਾਣ ਕਾਰਨ ਦੋਵਾਂ ਦੀ ਦੋਸਤੀ ਟੁੱਟ ਗਈ। ਮੁਹੰਮਦ ਸੈਫ ਨੇ ਦੱਸਿਆ ਕਿ ਰਾਤ ਸਾਢੇ ਅੱਠ ਵਜੇ ਦੇ ਕਰੀਬ ਉਹ ਆਪਣੀ ਦੁਕਾਨ ਬੰਦ ਕਰ ਕੇ ਦੌਲਤ ਕਾਲੋਨੀ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ।

ਇਸ ਦੌਰਾਨ ਨਕਾਬਪੋਸ਼ ਬਦਮਾਸ਼ਾਂ ਨੇ ਹੋਟਲ ਨਿਊ ਮਾਧੋਪੁਰ ਦੇ ਕੋਲ ਉਸ ਨੂੰ ਘੇਰ ਲਿਆ। ਧੌਣ 'ਤੇ ਚਾਕੂ ਰੱਖ ਕੇ ਬਦਮਾਸ਼ਾਂ ਨੇ ਮੁਹੰਮਦ ਸੈਫ ਕੋਲੋਂ ਓਪੋ ਦਾ ਮੋਬਾਈਲ ਫੋਨ ਅਤੇ 26 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਮੁਹੰਮਦ ਸੈਫ ਦਾ ਕਹਿਣਾ ਹੈ ਕਿ ਇਹ ਹਮਲਾ ਸੋਨੀਆ ਅਤੇ ਦਲੀਪ ਨੇ ਮਿਲ ਕੇ ਕਰਵਾਇਆ ਹੈ ।ਮੁਹੰਮਦ ਸੈਫ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਸ ਦੀ ਤਿੰਨ ਵਾਰ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ 'ਚ ਜਾਂਚ ਅਧਿਕਾਰੀ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਪੁਲਿਸ ਨੇ ਸੋਨੀਆ, ਦਲੀਪ ਅਤੇ ਹਮਲਾ ਕਰਨ ਵਾਲੇ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਖ਼ਿਲਾਫ਼ ਲੁੱਟ ਖੋਹ, ਲੜਾਈ-ਝਗੜਾ ਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Amita Verma