ਸਰਵਣ ਸਿੰਘ ਭੰਗਲਾਂ, ਸਮਰਾਲਾ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਬਿੱਲਾਂ ਦੇ ਖ਼ਿਲਾਫ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਚੁੱਕੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਪਿੰਡ ਬੌਂਦਲੀ ਦੇ ਬਾਈਪਾਸ ਕੋਲ ਇਨ੍ਹਾਂ ਜਥੇਬੰਦੀਆਂ ਵੱਲੋਂ ਲੁਧਿਆਣਾ-ਚੰਡੀਗੜ੍ਹ ਹਾਈਵੇਅ 'ਤੇ ਧਰਨਾ ਲਾ ਕੇ ਮੁਕੰਮਲ ਰੂਪ 'ਚ ਚੱਕਾ ਜਾਮ ਕੀਤਾ ਗਿਆ। ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਕਾਰਪੋਰੇਟ ਜਗਤ ਨੂੰ ਵੱਡਾ ਫਾਇਦਾ ਦੇਣ ਲਈ ਕਿਸਾਨਾਂ ਦੀ ਸੰਘੀ ਨੱਪਣ 'ਤੇ ਤੁਲ ਗਈ ਹੈ। ਇਹ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ, ਮੁਨੀਮਾਂ ਤੇ ਮੰਡੀ ਮਜ਼ਦੂਰਾਂ ਤੋਂ ਇਲਾਵਾ ਖੇਤ ਮਜ਼ਦੂਰਾਂ 'ਤੇ ਵੀ ਆਪਣਾ ਮਾਰੂ ਪ੍ਰਭਾਵ ਪਾਉਣਗੇ, ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਖੇਤੀ ਬਿੱਲ ਵਾਪਸ ਨਾ ਲਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਬੀਕੇਯੂ ਲੱਖੋਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਬੀਕੇਯੂ ਸਿੱਧੂਪੁਰ ਏਕਤਾ ਦੇ ਬਲਵੀਰ ਸਿੰਘ ਖੀਰਨੀਆਂ ਤੇ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਨੇ ਵੀ ਇਨ੍ਹਾਂ ਖੇਤੀ ਬਿੱਲਾਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਉਹ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵੱਡੇ ਤੋਂ ਵੱਡਾ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ। ਕਿਸਾਨ ਜਥੇਬੰਦੀਆਂ ਦੇ ਨਾਲ ਵਪਾਰ ਮੰਡਲ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ ਤੇ ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਹਰਦੀਪ ਸਿੰਘ ਗਿਆਸਪੁਰਾ, ਉੱਤਮ ਸਿੰਘ ਬਰਵਾਲੀ, ਹਰਦੀਪ ਸਿੰਘ ਉਟਾਲਾਂ, ਤਿ੍ਬਤ ਸਿੰਘ, ਹੁਸ਼ਿਆਰ ਸਿੰਘ ਬੰਬ, ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ 'ਚ ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਗੁਰਪਾਲ ਸਿੰਘ ਘੁੰਗਰਾਲੀ, ਰਿੰਕੂ ਥਾਪਰ, ਹਰਦੀਪ ਸਿੰਘ ਕੰਗ ਭਰਥਲਾ, ਰਣਧੀਰ ਸਿੰਘ ਖੱਟਰਾਂ, ਕੁਲਵਿੰਦਰ ਸਿੰਘ ਸਰਵਰਪੁਰ, ਮਨਜੀਤ ਸਿੰਘ ਸਰਪੰਚ ਢੀਂਂਡਸਾ, ਜਗਜੀਤ ਸਿੰਘ ਖੀਰਨੀਆਂ, ਆਦਿ ਨੇ ਸ਼ਮੂਲੀਅਤ ਕੀਤੀ।