ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਰਾਹੋਂ ਰੋਡ 'ਤੇ ਸਥਿਤ ਪਿੰਡ ਘੁਮਾਣਾ ਦੇ ਨੌਜਵਾਨ ਗੁਰਦੀਪ ਸਿੰਘ ਮਾਨ ਦੀ ਕਾਰ ਕੱਲ੍ਹ ਰਾਤ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਲੱਗੀ ਅੱਗ ਨਾਲ ਸੜ ਕੇ ਨੁਕਸਾਨੀ ਗਈ ਜਦਕਿ ਉਹ ਆਪ ਵਾਲ-ਵਾਲ ਬਚ ਗਿਆ। ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਮਾਨ ਨੇ ਦੱਸਿਆ ਕਿ ਉਹ ਕੱਲ੍ਹ ਰਾਤ ਮਾਛੀਵਾੜਾ ਤੋਂ ਰਾਤ 11 ਵਜੇ ਆਪਣੇ ਪਿੰਡ ਘੁਮਾਣਾ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਪਿੱਛੇ ਇਕ ਕਾਰ ਨੇ ਉਸ ਨੂੰ ਓਵਰਟੇਕ ਕੀਤਾ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਏ ਪੱਥਰ 'ਚ ਵੱਜਣ ਤੋਂ ਬਾਅਦ ਦਰੱਖਤ 'ਚ ਜਾ ਵੱਜੀ, ਜਿਸ ਤੋਂ ਬਾਅਦ ਉਸ ਦੀ ਕਾਰ ਨੂੰ ਅੱਗ ਲੱਗ ਗਈ। ਚਾਲਕ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਤੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਜਦੋਂ ਅੱਗ ਦੀਆਂ ਲਾਟਾਂ ਤੇਜ਼ ਹੋਈਆਂ ਤਾਂ ਉਸ ਨੇ ਸਮਰਾਲਾ ਫਾਇਰ ਬਿਗੇ੍ਡ ਨੂੰ ਸੂਚਿਤ ਕੀਤਾ। ਫਾਇਰ ਬਿ੍ਗੇਡ ਕਰੀਬ ਇਕ ਘੰਟੇ ਬਾਅਦ ਮੌਕੇ 'ਤੇ ਪੁੱਜੀ ਪਰ ਉਦੋਂ ਤਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।