ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਪਿੰਡ ਸਿਰਥਲਾ ਵਿਖੇ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਬਾਰੇ ਐੱਸਡੀਐੱਮ ਪਾਇਲ ਦੇ ਸੁਪਰਡੈਂਟ ਹਰਵਿੰਦਰ ਸਿੰਘ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਦਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਪਿੰਡ ਸਿਰਥਲਾ ਵਿਖੇ ਜਦੋਂ ਪਹਿਲਾਂ ਠੇਕਾ ਚਾਲੂ ਕੀਤਾ ਸੀ ਤਾਂ ਪਿੰਡ ਦੀ ਗ੍ਰਾਮ ਪੰਚਾਇਤ, ਭਾਕਿਯੂ ਉਗਰਾਹਾਂ ਤੇ ਨਗਰ ਵਾਸੀਆਂ ਸਮੇਤ ਅੌਰਤਾਂ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਗਿਆ ਤੇ ਕਾਫ਼ੀ ਸਮਾਂ ਠੇਕਾ ਚੱਲਣ ਵੀ ਨਹੀਂ ਦਿੱਤਾ। ਫਿਰ ਇਹ ਮਾਮਲਾ ਪ੍ਰਸ਼ਾਸਨ ਕੋਲ ਆਉਣ ਤੋਂ ਬਾਅਦ ਮਹਿਕਮੇ ਵੱਲੋਂ ਠੇਕਾ ਪਿੰਡੋਂ ਦੂਰ ਕੀਤਾ ਗਿਆ।

ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਵਾਰ ਸੀਜਨ ਲੱਗ ਲੈਣ ਦਿਓ ਅਗਲੇ ਸੀਜਨ ਪਿੰਡ 'ਚ ਠੇਕਾ ਨਹੀਂ ਖੁੱਲ੍ਹੇਗਾ। ਇਹ ਸਮਝੌਤਾ ਹੋ ਗਿਆ ਸੀ ਪਰ ਹੁਣ ਠੇਕੇਦਾਰ ਵੱਲੋਂ ਮੁੜ ਠੇਕਾ ਚਲਾਉਣ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪਿੰਡ ਦੀ ਪੰਚਾਇਤ, ਯੂਨੀਅਨ ਵੱਲੋਂ ਉੱਚ ਅਧਿਕਾਰੀਆਂ ਦੇ ਨੋਟਿਸ 'ਚ ਵੀ ਲਿਆਂਦਾ ਗਿਆ ਹੈ। ਜੇਕਰ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਲੋਕ ਸੰਘਰਸ਼ ਦੇ ਰਾਹ ਪੈਣਗੇ। ਇਸ ਮੌਕੇ ਜ਼ਿਲ੍ਹਾ ਆਗੂ ਸੁਦਾਗਰ ਸਿੰਘ ਘੁਡਾਣੀ, ਸੁਖਚੈਨ ਸਿੰਘ ਗਿੱਲ, ਦਵਿੰਦਰ ਸਿੰਘ ਸਿਰਥਲਾ, ਬੀਰਵਰਿੰਦਰ ਸਿੰਘ ਤੇ ਇੰਦਰਜੀਤ ਸਿੰਘ ਵੀ ਸ਼ਾਮਲ ਸਨ।