ਸਟਾਫ਼ ਰਿਪੋਰਟਰ, ਖੰਨਾ : ਪੌਣੇ ਛੇ ਮਹੀਨੇ ਤੋਂ ਆਪਣੇ ਜਿਗਰ ਦੇ ਟੁਕੜੇ ਦੀ ਇਕ ਝਲਕ ਪਾਉਣ ਨੂੰ ਤਰਸ ਰਹੀ ਮਾਂ ਲਈ ਸ਼ੁੱਕਰਵਾਰ ਦੀ ਸ਼ਾਮ 4.50 ਮਿੰਟ ’ਤੇ ਜਿਵੇਂ ਸਾਰੀ ਕਾਇਨਾਤ ਹੀ ਧਰਤੀ ’ਤੇ ਆ ਗਈ ਹੋਵੇ। ਖੰਨਾ ਦੇ ਨਿਊ ਮਾਡਲ ਟਾਊਨ ਤੋਂ ਆਪਣੇ ਪਿਤਾ ਵੱਲੋਂ ਹੀ ਅਗਵਾ ਕੀਤੇ 4 ਸਾਲ ਦੇ ਅਰਮਾਨਦੀਪ ਨੂੰ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਹੁਕਮਾਂ ’ਤੇ ਮਾਂ ਨੂੰ ਵਾਪਸ ਕੀਤਾ। ਬੱਚੇ ਨੂੰ ਮਿਲਦਿਆਂ ਹੀ ਮਾਂ ਰੋਣ ਲੱਗ ਪਈੇ। ਬੇਹੱਦ ਭਾਵੁਕ ਕਰਨ ਵਾਲੇ ਮਾਹੌਲ ’ਚ ਅਖੀਰ ਕਾਨੂੰਨੀ ਲੜਾਈ ਤੋਂ ਬਾਅਦ ਮਾਂ ਰਮਿਤਾ ਨੂੰ ਅਰਮਾਨਦੀਪ ਮਿਲ ਹੀ ਗਿਆ।

ਇੱਥੇ ਜ਼ਿਕਰਯੋਗ ਹੈ ਕਿ ਸ਼ਹਿਰ ਦੇ ਨਿਊ ਮਾਡਲ ਟਾਊਨ ਇਲਾਕੇ ’ਚ ਘਰ ਦੇ ਬਾਹਰ ਖੇਡ ਰਹੇ ਸਾਢੇ ਤਿੰਨ ਸਾਲ ਦੇ ਬੱਚੇ ਅਰਮਾਨਦੀਪ ਨੂੰ ਉਸਦੇ ਹੀ ਪਿਤਾ ਵੱਲੋਂ 11 ਸਤੰਬਰ 2020 ਨੂੰ ਅਗਵਾ ਕਰਨ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਂ ਦੇ ਹੱਕ ’ਚ ਫੈਸਲਾ ਸੁਣਾਇਆ ਸੀ।

ਅਦਾਲਤ ਨੇ 5 ਮਾਰਚ ਸ਼ਾਮ 4 ਤੋਂ 5 ਵਜੇ ਤਕ ਬੱਚੇ ਨੂੰ ਮਾਂ ਦੇ ਹਵਾਲੇ ਕਰਨ ਦੇ ਹੁਕਮ ਪਿਤਾ ਨੂੰ ਦਿੱਤੇ ਸਨ। ਇਸ ਤਰ੍ਹਾਂ ਕਰੀਬ ਪੌਣੇ ਛੇ ਮਹੀਨਿਆਂ ਬਾਅਦ 4 ਸਾਲ ਦੇ ਅਰਮਾਨਦੀਪ ਨੂੰ ਆਪਣੀ ਮਾਂ ਦੀ ਗੋਦ ਮਿਲ ਗਈ ਤੇ ਆਪਣੇ ਲਾਡਲੇ ਨੂੰ ਗਲੇ ਲਗਾਕੇ ਮਾਂ ਦੇ ਕਲੇਜੇ ਨੂੰ ਵੀ ਠੰਢਕ ਪਹੁੰਚ ਗਈ।

Posted By: Jagjit Singh