ਕੁਲਵਿੰਦਰ ਸਿੰਘ ਰਾਏ, ਖੰਨਾ : ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਵੱਲੋਂ ਖੰਨਾ ’ਚ ਲੱਗਣ ਵਾਲੀ ਪਸ਼ੂ ਮੰਡੀ ਦਾ ਮੁੱਦਾ ਚੁੱਕਣਾ ਪੰਜਾਬ ਸਰਕਾਰ ਨੂੰ ਰਾਸ ਆ ਗਿਆ ਹੈ। ਸਰਕਾਰ ਵੱਲੋਂ ਪੰਜਾਬ ਭਰ ਦੀਆਂ ਪਸ਼ੂ ਮੰਡੀਆਂ ਦਾ ਠੇਕਾ 72 ਕਰੋਡ਼ 45 ਲੱਖ ਰੁਪਏ ’ਚ ਦੇ ਦਿੱਤਾ ਗਿਆ। ਦੱਸਣਯੋਗ ਹੈ ਕਿ ਖੰਨਾ ’ਚ ਕੋਰੋਨਾ ਮਹਾਮਾਰੀ ਕਰਕੇ ਪਸ਼ੂ ਮੰਡੀ ’ਤੇ ਪਾਬੰਦੀ ਸੀ ਪਰ ਠੇਕੇਦਾਰ ਵੱਲੋਂ 15 ਜੁਲਾਈ 2021 ਨੂੰ ਖੰਨਾ ’ਚ ਪਾਬੰਦੀ ਦੇ ਬਾਵਜੂਦ ਪਸ਼ੂ ਮੰਡੀ ਲਾਈ ਗਈ ਸੀ ਜਿਸ ਦਾ ਵਿਰੋਧ ਚੇਅਰਮੈਨ ਸਤਨਾਮ ਸਿੰਘ ਵੱਲੋਂ ਕੀਤਾ ਗਿਆ ਸੀ। ਚੇਅਰਮੈਨ ਵੱਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਬੈਠਕ ’ਚ ਇਹ ਮੁੱਦਾ ਉਠਾਇਆ ਗਿਆ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਤੇ ਵਿੱਤ ਸਕੱਤਰ ਸੀਮਾ ਜੈਨ ਨੂੰ ਪੱਤਰ ਲਿਖਿਆ ਸੀ। ਇਸ ਵਿਵਾਦ ਤੋਂ ਬਾਅਦ 28 ਜੁਲਾਈ ਨੂੰ ਲੱਗਣ ਵਾਲੇ ਪਸ਼ੂ ਮੇਲੇ ਦੌਰਾਨ ਸਥਿਤੀ ਤਣਾਅਪੂਰਨ ਬਣਨ ਦੇ ਆਸਾਰ ਸਨ ਪਰ 26 ਜੁਲਾਈ ਨੂੰ ਪੰਜਾਬ ਦੀਆਂ ਪਸ਼ੂ ਮੰਡੀਆਂ ਦਾ ਠੇਕਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 72 ਕਰੋਡ਼ 45 ਲੱਖ ਰੁਪਏ ’ਚ ਦੇ ਦਿੱਤਾ ਗਿਆ। 28 ਜੁਲਾਈ ਨੂੰ ਲੱਗਣ ਵਾਲੀ ਪਸ਼ੂ ਮੰਡੀ ਨੂੰ ਲੈ ਕੇ ਮਾਹੌਲ ਤਣਾਅ ਭਰਿਆ ਮਾਹੌਲ ਬਣਨ ਦੇ ਆਸਾਰ ਸਨ ਪਰ ਪੰਜਾਬ ਸਰਕਾਰ ਨੇ ਪਸ਼ੂ ਮੇਲੇ ਦੀ ਸਰਕਾਰੀ ਬੋਲੀ ਕਰਵਾ ਕੇ ਕਿਸੇ ਪ੍ਰਕਾਰ ਹੋਣ ਵਾਲੀ ਘਟਨਾ ਨੂੰ ਠੱਲ੍ਹ ਪਾ ਦਿੱਤੀ ਤੇ ਸਰਕਾਰ ਨੂੰ ਆਮਦਨ ਵੀ ਸ਼ੁਰੂ ਹੋ ਗਈ। ਇਸ ਦੀ ਪਹਿਲੀ ਕਿਸ਼ਤ ਲਗਭਗ 6 ਕਰੋਡ਼ ਠੇਕੇਦਾਰ ਨੂੰ ਸਮੇਂ ਸਿਰ ਜਮਾਂ ਕਰਵਾਉਣ ਦੀ ਸ਼ਰਤ ਲਾਈ ਗਈ ਹੈ।

ਖੰਨਾ ’ਚ ਲੱਗਾ ਪਹਿਲਾ ਪਸ਼ੂ ਮੇਲਾ

ਕੋਰੋਨਾ ਮਹਾਮਾਰੀ ਤੋਂ ਬਾਅਦ ਖੰਨਾ ’ਚ ਪਹਿਲਾ ਪਸ਼ੂ ਮੇਲਾ ਬੁੱਧਵਾਰ ਨੂੰ ਲੱਗਾ। ਭਾਰੀ ਮੀਂਹ ਦੇ ਬਾਵਜੂਦ ਪੰਜਾਬ ਤੇ ਪੂਰੇ ਦੇਸ਼ ਭਰ ਤੋਂ ਵੱਡੀ ਤਾਦਦ ’ਚ ਪਸ਼ੂਆਂ ਦੇ ਵਪਾਰੀ ਤੇ ਖ਼ਰੀਦਦਾਰ ਆਉਂਦੇ ਹਨ। ਲੰਮੇਂ ਸਮੇਂ ਬਾਅਦ ਸ਼ੁਰੂ ਹੋਏ ਪਸ਼ੂ ਮੇਲੇ ’ਚ ਵੱਡੀ ਗਣਤੀ ’ਚ ਵਪਾਰੀ, ਖ਼ਰੀਦਦਾਰ ਤੇ ਵੇਚਣ ਵਾਲੇ ਲੋਕ ਆਏ। ਇਹ ਪਸ਼ੂ ਮੇਲਾ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੈ।

ਸੜਕ 'ਤੇ ਲੱਗਿਆ ਜਾਮ

ਲੰਮੇਂ ਸਮੇਂ ਬਾਅਦ ਪਸ਼ੂ ਮੇਲਾ ਲੱਗਣ ’ਤੇ ਲੋਕ ਪਸ਼ੂ ਲੈ ਕੇ ਵੱਡੀ ਗਿਣਤੀ ’ਚ ਆਏ, ਲੋਕਾਂ ਵੱਲੋਂ ਮੀਂਹ ਦੀ ਵੀ ਪਰਵਾਹ ਨਹੀਂ ਕੀਤੀ ਗਈ। ਇਸ ਇੱਕਠ ਕਰਕੇ ਹੀ ਸਡ਼ਕ ’ਤੇ ਵੀ ਜਾਮ ਲੱਗ ਗਿਆ ਜਿਸ ਕਾਰਨ ਰਾਹਗੀਰ ਪਰੇਸ਼ਾਨ ਵੀ ਹੋਏ ਕਿਉਂਕਿ ਮੀਂਹ ਤੇ ਮੇਲੇ ਕਰਕੇ ਲੋਕ ਕਈ ਘੰਟੇ ਜਾਮ ’ਚ ਫਸੇ ਰਹੇ। ਇਸ ਦੇ ਨਾਲ ਖੰਨਾ ’ਚ ਜੀਟੀ ਰੋਡ ਦੇ ਪੁਲ਼ ਦਾ ਕੰਮ ਚੱਲਣ ਕਰਕੇ ਹੀ ਟ੍ਰੈਫਿਕ ਸਮੱਸਿਆ ਜ਼ਿਆਦਾ ਬਣ ਜਾਂਦੀ ਹੈ।

ਸਰਕਾਰ ਨੂੰ ਸਾਲਾਨਾ ਹੋਵੇਗੀ ਕਰੋਡ਼ਾਂ ਦੀ ਆਮਦਨ : ਸੋਨੀ

ਚੇਅਰਮੈਨ ਸਤਨਾਮ ਸਿੰਘ ਸੋਨੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀ ਦੀ ਬੋਲੀ ਕਰਵਾ ਦਿੱਤੀ ਗਈ ਹੈ। ਇਹ ਵੱਡੀ ਗੱਲ ਹੈ ਜਿਸ ਨਾਲ ਸਰਕਾਰ ਨੂੰ ਸਾਲਾਨਾ ਕਰੋਡ਼ਾਂ ਦੀ ਆਮਦਨ ਆਵੇਗੀ। ਇਹ ਪੈਸਾ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੇ ਵਿਕਾਸ ’ਤੇ ਖ਼ਰਚਿਆ ਜਾਵੇਗਾ। ਪਹਿਲਾਂ ਖੰਨਾ ’ਚ ਇੱਕ ਪਸ਼ੂ ਮੰਡੀ ਲੱਗਦੀ ਸੀ, ਬਾਅਦ ’ਚ ਸਮਰਾਲਾ ਤੇ ਸਰਹਿੰਦ ਦੀ ਮੰਡੀ ਵੀ ਲੱਗਣੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਸਬੰਧੀ ਵਿੱਤ ਸਕੱਤਰ ਤੇ ਵਿਭਾਗ ਦੇ ਮੰਤਰੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਕਿ ਖੰਨਾ ’ਚ ਸਿਰਫ਼ ਖੰਨਾ ਵਾਲੀ ਪਸ਼ੂ ਮੰਡੀ ਲੱਗੇ। ਬਾਕੀ ਇਲਾਕਿਆਂ ਦੀਆਂ ਮੰਡੀਆਂ ਖੰਨਾ ’ਚ ਨਾ ਲੱਗਣ ਕਿਉਂਕਿ ਪਸ਼ੂ ਮੰਡੀ ਦੌਰਾਨ ਬਹੁਤ ਸਾਰੇ ਲੋਕ ਕੁਝ ਪਸ਼ੂ ਨੂੰ ਬੇਕਾਰ ਸਮਝ ਕੇ ਇੱਥੇ ਹੀ ਛੱਡ ਦਿੰਦੇ ਹਨ ਜਿਸ ਨਾਲ ਸ਼ਹਿਰ ’ਚ ਹਰ ਥਾ ਬੇਸਹਾਰਾ ਪਸ਼ੂਆਂ ਦੇ ਝੁੰਡ ਫਿਰਦੇ ਹਨ। ਇਹ ਹਾਦਸਿਆਂ ਦਾ ਕਾਰਨ ਬਣਦੇ ਹਨ ਤੇ ਕਈ ਲੋਕ ਮੌਤੀ ਦਾ ਸ਼ਿਕਾਰ ਵੀ ਹੋ ਚੁੱਕੇ ਹਨ।

Posted By: Tejinder Thind