ਜੇਐੱਨਐੱਨ, ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਲਟਕਦੇ ਆ ਰਹੇ ਤਿੰਨ ਆਮਦਨ ਕਰ ਮੁਕੱਦਮਿਆਂ ਦੀ ਸੁਣਵਾਈ ਅਦਾਲਤ ਨੇ 4 ਅਗਸਤ ਤਕ ਟਾਲ ਦਿੱਤੀ ਹੈ। ਅਦਾਲਤ ਵੱਲੋਂ ਸੰਮਨ ਦੇ ਹੁਕਮਾਂ 'ਤੇ ਆਪਣਾ ਫ਼ੈਸਲਾ ਸੁਣਾਏ ਜਾਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ।

ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮੁਕੱਦਮੇ ਦੀ ਸੁਣਵਾਈ ਹਾਲੇ ਮੁਲਤਵੀ ਕਰ ਦੇਵੇ ਕਿਉਂਕਿ ਵਿਭਾਗ ਨੇ ਇਸ ਮੁਕੱਦਮੇ ਸਬੰਧੀ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਹੋਈ ਹੈ। ਇਸ 'ਤੇ ਜਲਦੀ ਫ਼ੈਸਲਾ ਆਉਣ ਦੀ ਉਮੀਦ ਹੈ, ਇਸ ਲਈ ਉਦੋਂ ਤਕ ਟਾਲ ਦਿੱਤੀ ਜਾਵੇ, ਇਸ ਕਰ ਕੇ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਟਾਲ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਵਿਰੁੱਧ ਸ਼ਿਕਾਇਤ ਵਿਚ ਆਮਦਨ ਕਰ ਵਿਭਾਗ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਵਿਦੇਸ਼ਾਂ ਵਿਚ ਕਈ ਚੱਲ ਤੇ ਅਚੱਲ ਜਾਇਦਾਦਾਂ ਬਣਾਈਆਂ ਹਨ। ਵਿਭਾਗ ਨੂੰ ਹਨੇਰੇ ਵਿਚ ਰੱਖਦਿਆਂ ਹੋਇਆਂ ਜਰਕੰਧਾ ਟਰੱਸਟ ਦੇ ਜ਼ਰੀਏ ਨਾਲ ਕਈ ਫ਼ਾਇਦੇ ਹਾਸਿਲ ਕੀਤੇ ਹਨ। ਆਮਦਨ ਕਰ ਵਿਭਾਗ ਮੁਤਾਬਕ ਕੈਪਟਨ ਨੇ ਜਾਣ-ਬੁੱਝ ਕੇ ਇਸ ਸਬੰਧੀ ਦਸਤਾਵੇਜ਼ ਲੁਕਾਏ ਸਨ।

ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਕੈਪਟਨ ਤੇ ਰਣਇੰਦਰ ਨੇ ਸਰਕਾਰੀ ਅਫ਼ਸਰਾਂ ਨੂੰ ਡਿਊਟੀ ਤੋਂ ਰੋਕਣ ਤੇ ਅੜਚਣਾਂ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਵਿਭਾਗ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬਾਕਾਇਦਾ ਕੈਪਟਨ ਤੇ ਰਣਇੰਦਰ ਨੂੰ ਨੋਟਿਸ ਘੱਲਿਆ ਸੀ ਤੇ ਜਵਾਬ ਦੇਣ ਲਈ ਆਖਿਆ ਸੀ ਪਰ ਦੋਵਾਂ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।