ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਇੱਥੇ ਗੁਰੋਂ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਮੁਨੀਸ਼ ਕੁਮਾਰ (20) ਪੁੱਤਰ ਰਾਜੇਸ਼ ਕੁਮਾਰ ਸ਼ਰਮਾ ਦੀ ਲਾਸ਼ ਭੇਦਭਰੀ ਹਾਲਤ 'ਚ ਸਰਹਿੰਦ ਨਹਿਰ ਨੇੜ੍ਹੇ ਦੋਰਾਹਾ ਤੋਂ ਮਿਲਣ ਤੋਂ ਬਾਅਦ ਦੁਖੀ ਹੋਏ ਮਾਪੇ ਇਨਸਾਫ਼ ਲੈਣ ਲਈ ਹੋਰ ਲੋਕਾਂ ਸਮੇਤ ਥਾਣੇ ਅੱਗੇ ਪਹੁੰਚੇ। ਮਿ੍ਤਕ ਮੁਨੀਸ਼ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਿਤੀ 11 ਅਗਸਤ ਰੱਖੜੀ ਵਾਲੇ ਦਿਨ ਉਸਦਾ ਲੜਕਾ ਡਿਊਟੀ 'ਤੇ ਜਾਣ ਲਈ ਕਹਿ ਕੇ ਘਰੋਂ ਚਲਾ ਗਿਆ ਪਰ ਸ਼ਾਮ ਤੱਕ ਜਦੋਂ ਵਾਪਸ ਨਾ ਆਇਆ ਤਾਂ ਅਸੀਂ ਜਦੋਂ ਉਸਨੂੰ ਫੋਨ ਕੀਤਾ ਤਾਂ ਉਹ ਬੰਦ ਆ ਰਿਹਾ ਸੀ। ਉਨਾਂ੍ਹ ਦੱਸਿਆ ਕਿ ਅਸੀਂ ਮੁਨੀਸ਼ ਕੁਮਾਰ ਦੇ ਲਾਪਤਾ ਹੋਣ ਦੀ ਲਿਖਤੀ ਰਿਪੋਰਟ ਮਾਛੀਵਾੜਾ ਥਾਣਾ 'ਚ ਵੀ ਦਰਜ ਕਰਵਾਈ। ਉਨਾਂ੍ਹ ਦੱਸਿਆ ਕਿ ਸਾਨੂੰ ਇੱਕ ਲੜਕੇ ਸੰਤੋਸ਼ ਕੁਮਾਰ ਦੀ ਭੂਆ ਨੇ ਮੁਹੱਲਾ ਵਾਸੀਆਂ ਨੂੰ ਕਿਹਾ ਕਿ ਮੁਨੀਸ਼ ਕੁਮਾਰ ਦਾ ਮੋਟਰਸਾਈਕਲ ਸਰਹਿੰਦ ਨਹਿਰ ਦੇ ਨੀਲੋਂ ਪੁਲ ਕੋਲ ਖੜ੍ਹਾ ਦੇਖਿਆ ਗਿਆ ਹੈ। ਸਾਡੇ ਵਲੋਂ ਸ਼ੱਕ ਦੇ ਆਧਾਰ 'ਤੇ ਉੁਸਦੀ ਨਹਿਰ 'ਚ ਤਲਾਸ਼ ਸ਼ੁਰੂ ਕਰ ਦਿੱਤੀ ਤੇ ਅੱਜ ਸਵੇਰੇ ਦੋਰਾਹਾ ਨੇੜੇ ਨਹਿਰ 'ਚੋਂ ਉਸਦੀ ਲਾਸ਼ ਬਰਾਮਦ ਹੋ ਗਈ। ਲਾਸ਼ ਦੇਖਣ ਤੋਂ ਬਾਅਦ ਉਸਦੇ ਮਾਪਿਆਂ ਨੇ ਦੱਸਿਆ ਕਿ ਮੁਨੀਸ਼ ਕੁਮਾਰ ਦੇ ਜਿਸਮ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸਨੂੰ ਕਿਸੇ ਨੇ ਕਤਲ ਕਰਕੇ ਨਹਿਰ 'ਚ ਸੁੱਟਿਆ ਹੈ। ਮਿ੍ਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਆਪਣੇ ਮਾਪਿਆਂ ਨੂੰ ਐੱਫਸੀਆਈ 'ਚ ਮਜ਼ਦੂਰੀ ਕਰ ਕੇ ਪਾਲ ਰਿਹਾ ਸੀ। ਮਾਛੀਵਾੜਾ ਪੁਲਿਸ ਨੇ ਮਿ੍ਤਕ ਮੁਨੀਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਇਸ ਘਟਨਾਕ੍ਰਮ ਬਾਰੇ ਥਾਣਾ ਦੇ ਐੱਸਐੱਚਓ ਰਣਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨਾਂ੍ਹ ਦੱਸਿਆ ਕਿ ਜੇਕਰ ਇਹ ਮਾਮਲਾ ਕਤਲ ਦਾ ਪਾਇਆ ਗਿਆ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਮੁਨੀਸ਼ ਕੁਮਾਰ ਦੇ ਮਾਪਿਆਂ ਵਲੋਂ ਸ਼ੱਕ ਦੇ ਅਧਾਰ 'ਤੇ 7 ਵਿਅਕਤੀਆਂ ਦੇ ਨਾਮ ਦੱਸੇ ਗਏ ਹਨ ਜਿਨਾਂ੍ਹ 'ਚੋਂ 4 ਨੌਜਵਾਨਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।