ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਇੱਥੇ ਗੁਰੋਂ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਮੁਨੀਸ਼ ਕੁਮਾਰ (20) ਪੁੱਤਰ ਰਾਜੇਸ਼ ਕੁਮਾਰ ਸ਼ਰਮਾ ਦੀ ਲਾਸ਼ ਭੇਦਭਰੀ ਹਾਲਤ ਵਿਚ ਸਰਹਿੰਦ ਨਹਿਰ ਨੇੜੇ ਦੋਰਾਹਾ ਤੋਂ ਮਿਲਣ ਤੋਂ ਬਾਅਦ ਦੁਖੀ ਹੋਏ ਮਾਪੇ ਇਨਸਾਫ਼ ਲੈਣ ਲਈ ਹੋਰ ਲੋਕਾਂ ਸਮੇਤ ਥਾਣੇ ਅੱਗੇ ਪਹੁੰਚੇ। ਮ੍ਰਿਤਕ ਮੁਨੀਸ਼ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 11 ਅਗਸਤ ਰੱਖੜੀ ਵਾਲੇ ਦਿਨ ਉਸਦਾ ਲੜਕਾ ਡਿਊਟੀ ’ਤੇ ਜਾਣ ਲਈ ਕਹਿ ਕੇ ਘਰੋਂ ਚਲਾ ਗਿਆ ਪਰ ਸ਼ਾਮ ਤੱਕ ਜਦੋਂ ਵਾਪਸ ਨਾ ਆਇਆ ਤਾਂ ਅਸੀਂ ਜਦੋਂ ਉਸ ਨੂੰ ਫੋਨ ਕੀਤਾ ਤਾਂ ਉਹ ਬੰਦ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਮੁਨੀਸ਼ ਕੁਮਾਰ ਦੇ ਲਾਪਤਾ ਹੋਣ ਦੀ ਲਿਖਤੀ ਰਿਪੋਰਟ ਮਾਛੀਵਾੜਾ ਥਾਣਾ ਵਿਚ ਵੀ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਸਾਨੂੰ ਇੱਕ ਲੜਕੇ ਸੰਤੋਸ਼ ਕੁਮਾਰ ਦੀ ਭੂਆ ਨੇ ਮੁਹੱਲਾ ਵਾਸੀਆਂ ਨੂੰ ਕਿਹਾ ਕਿ ਮੁਨੀਸ਼ ਕੁਮਾਰ ਦਾ ਮੋਟਰਸਾਈਕਲ ਸਰਹਿੰਦ ਨਹਿਰ ਦੇ ਨੀਲੋਂ ਪੁਲ ਕੋਲ ਖੜ੍ਹਾ ਦੇਖਿਆ ਗਿਆ ਹੈ। ਸਾਡੇ ਵਲੋਂ ਸ਼ੱਕ ਦੇ ਅਧਾਰ ’ਤੇ ਉੁਸਦੀ ਨਹਿਰ ਵਿਚ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਅੱਜ ਸਵੇਰੇ ਦੋਰਾਹਾ ਨੇੜੇ ਨਹਿਰ ’ਚੋਂ ਉਸ ਦੀ ਲਾਸ਼ ਬਰਾਮਦ ਹੋ ਗਈ। ਲਾਸ਼ ਦੇਖਣ ਤੋਂ ਬਾਅਦ ਉਸਦੇ ਮਾਪਿਆਂ ਨੇ ਦੱਸਿਆ ਕਿ ਮੁਨੀਸ਼ ਕੁਮਾਰ ਦੇ ਜਿਸਮ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸਨੂੰ ਕਿਸੇ ਨੇ ਕਤਲ ਕਰਕੇ ਨਹਿਰ ਵਿਚ ਸੁੱਟਿਆ ਹੈ। ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਆਪਣੇ ਮਾਪਿਆਂ ਨੂੰ ਐੱਫਸੀਆਈ ਵਿਚ ਮਜ਼ਦੂਰੀ ਕਰਕੇ ਪਾਲ ਰਿਹਾ ਸੀ। ਮਾਛੀਵਾੜਾ ਪੁਲਿਸ ਨੇ ਮ੍ਰਿਤਕ ਮੁਨੀਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਜਦੋਂ ਇਸ ਘਟਨਾਕ੍ਰਮ ਬਾਰੇ ਥਾਣਾ ਦੇ ਐੱਸਐੱਚਓ ਰਣਦੀਪ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਇਹ ਮਾਮਲਾ ਕਤਲ ਦਾ ਪਾਇਆ ਗਿਆ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਨੀਸ਼ ਕੁਮਾਰ ਦੇ ਮਾਪਿਆਂ ਵਲੋਂ ਸ਼ੱਕ ਦੇ ਅਧਾਰ ’ਤੇ 7 ਵਿਅਕਤੀਆਂ ਦੇ ਨਾਮ ਦੱਸੇ ਗਏ ਹਨ ਜਿਨ੍ਹਾਂ ’ਚੋਂ 4 ਨੌਜਵਾਨਾਂ ਨੂੰ ਪੁਲਿਸ ਵਲੋਂ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Posted By: Sarabjeet Kaur