ਕੁਲਵਿੰਦਰ ਸਿੰਘ ਰਾਏ, ਖੰਨਾ : ਸ਼ਹਿਰ ਦੇ ਨੌਜਵਾਨ ਸਤਵਿੰਦਰ ਸਿੰਘ ਦੀ ਕੈਨੇਡਾ ਦੇ ਸ਼ਹਿਰ ਮਿਲਟਨ 'ਚ ਇਕ ਹਮਲਾਵਰ ਵਲੋਂ ਕੀਤੀ ਫਾਇਰਿੰਗ ਦੌਰਾਨ ਬੀਤੇ ਦਿਨ ਮੌਤ ਹੋ ਗਈ ਸੀ। ਸਤਵਿੰਦਰ ਸਿੰਘ ਦੀ ਦੇਹ ਸੋਮਵਾਰ ਉਨ੍ਹਾਂ ਦੇ ਲਲਹੇੜੀ ਰੋਡ ਸਥਿਤ ਘਰ ਪੁੱਜੀ। ਇਸ ਦਾ ਪਤਾ ਲੱਗਣ 'ਤੇ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ। ਮਿ੍ਤਕ ਸਤਵਿੰਦਰ ਸਿੰਘ ਦਾ ਬਾਅਦ ਦੁਪਹਿਰ ਸੇਜਲ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਸ ਦੇ ਅੰਤਿਮ ਸੰਸਕਾਰ ਵਿਚ ਸ਼ਹਿਰ ਦੇ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ।

ਮਿ੍ਤਕ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ ਭਮਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ 18 ਸਤੰਬਰ ਨੂੰ ਮੌਤ ਹੋ ਗਈ ਸੀ ਤੇ ਉਹ ਤੁਰੰਤ ਦੁਬਈ ਤੋਂ ਕੈਨੇਡਾ ਪੁੱਜ ਗਏ ਸਨ। ਉਨ੍ਹਾਂ ਦੱਸਿਆ ਕਿ ਉਨਾਂ੍ਹ ਦਾ ਪੁੱਤਰ 2020 'ਚ ਐੱਮਬੀਏ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਚਲਾ ਗਿਆ ਸੀ, ਜੋ ਅਗਸਤ 2022 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਪ੍ਰਰਾਪਤ ਕਰ ਕੇ ਮਿਲਟਨ 'ਚ ਐੱਮਕੇ ਆਟੋ 'ਚ ਕੰਮ ਕਰ ਰਿਹਾ ਸੀ। ਘਟਨਾ ਵਾਲੇ ਦਿਨ ਇਕ ਹਮਲਾਵਰ ਵਲੋਂ ਕੀਤੀ ਫਾਇਰਿੰਗ 'ਚ ਸਤਵਿੰਦਰ ਸਿੰਘ ਜਖ਼ਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ ਸੀ।