ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਨਹਿਰ ਵਿੱਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਥਾਣਾ ਮੁਖੀ ਇੰਸਪੈਕਟਰ ਅਜੀਤਪਾਲ ਸਿੰਘ ਅਨੁਸਾਰ ਬਚਿੱਤਰ ਸਿੰਘ ਵਾਸੀ ਪਿੰਡ ਚੰਗਣ ਨੇ ਦੱਸਿਆ ਕਿ ਉਸ ਦੀ ਅਤੇ ਗੁਰਦੀਪ ਸਿੰਘ ਆਦਿ ਦੀ ਜ਼ਮੀਨ ਨਹਿਰ ਦੇ ਨਾਲ ਲੱਗਦੀ ਹੈ। ਜਦੋਂ ਉਹ ਸਵਰੇ ਕਰੀਬ ਸਾਢੇ ਦਸ ਵਜੇ ਚੰਗਣ ਪੁਲ਼ ਤੋਂ ਹੋ ਕੇ ਚੱਕ ਕਲਾਂ ਪੁਲ਼ ਤੋਂ ਲੰਘ ਕੇ ਬਾਸੀਆਂ ਬੇਟ ਪੁਲ਼ ਵੱਲ ਜਾ ਰਿਹਾ ਸੀ ਤਾਂ ਉਸ ਨੇ ਇਕ ਲਾਸ਼ ਨਹਿਰ ਵਿਚ ਦੇਖੀ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ। ਲਾਸ਼ ਇਕ ਨੌਜਵਾਨ ਲੜਕੇ ਦੀ ਸੀ ਜਿਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਮਾਰੀਆਂ ਸੱਟਾਂ ਦੇ ਨਿਸ਼ਾਨ ਸਨ ਜਿਸ ਨੂੰ ਕਿਸੇ ਅਣਪਛਾਤੇ ਵੱਲੋਂ ਕਤਲ ਕਰਨ ਉਪਰੰਤ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਨਹਿਰ ਵਿਚ ਸੁੱਟ ਦਿੱਤਾ ਹੋਵੇਗਾ।