ਕੁਲਵਿੰਦਰ ਸਿੰਘ ਰਾਏ, ਖੰਨਾ : ਏਸ਼ੀਆ ਦੀ ਵੱਡੀ ਦਾਣਾ ਮੰਡੀ ਖੰਨਾ 'ਚ ਐਤਵਾਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ ਮਾਰਕੀਟ ਕਮੇਟੀ ਦੇ ਚੈਅਰਮੈਨ ਗੁਰਦੀਪ ਸਿੰਘ ਰਸੂਲੜਾ ਤੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਵੱਲੋਂ ਕੀਤਾ ਗਿਆ। ਖ਼ਰੀਦ ਏਜੰਸੀ ਵੇਅਰਹਾਊਸ ਵੱਲੋਂ ਆੜ੍ਹਤੀ ਕੁਲਵੰਤ ਸਿੰਘ ਦੀ ਦੁਕਾਨ ਤੋਂ ਕਿਸਾਨ ਗੁਰਪ੍ਰਰੀਤ ਸਿੰਘ ਪਿੰਡ ਇਕੋਲਾਹੀ ਦਾ ਝੋਨਾ 1888 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਿਆ।

ਖੰਨਾ ਮੰਡੀ 'ਚ ਭਾਵੇਂ ਅੱਜ ਸਰਕਾਰੀ ਖ਼ਰੀਦ ਦਾ ਆਰੰਭ ਕਰ ਦਿੱਤਾ ਗਿਆ ਪਰ ਆੜ੍ਹਤੀ ਐਸੋਸੀਏਸ਼ਨ ਖੰਨਾ ਵਲੋਂ ਸਰਕਾਰ ਨੂੰ ਇੱਕ ਅਕਤੂਬਰ ਖ਼ਰੀਦ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਦੱਸਿਆ ਕਿ ਝੋਨੇ ਦੇ ਪਿਛਲੇ ਸੀਜ਼ਨ ਦੀ ਆੜ੍ਹਤ ਤੇ ਲੋਡਿੰਗ ਦਾ 131 ਕਰੋੜ ਰੁਪਏ ਤੇ ਕਣਕ ਦੀ ਆੜ੍ਹਤ, ਲੋਡਿੰਗ ਤੇ ਲੇਬਰ ਦਾ 105 ਕਰੋੜ ਰੁਪਏ ਆੜਤੀਆਂ ਦੇ ਸਰਕਾਰ ਵੱਲ ਖੜ੍ਹੇ ਹਨ।ਜੇਕਰ ਸਰਕਾਰ ਨੇ ਆੜਤੀਆਂ ਨੂੰ ਪੇਮੈਂਟ ਜਾਰੀ ਨਾ ਕੀਤੀ ਤਾਂ 1 ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਕੀਤੀਆਂ ਜਾਣਗੀਆਂ। ਆੜਤੀਆਂ ਦੀ ਇਹ ਚਿਤਾਵਨੀ ਸਰਕਾਰ ਲਈ ਪ੍ਰਰੇਸ਼ਾਨੀ ਖੜ੍ਹੀ ਕਰ ਸਕਦੀ ਹੈ ਕਿਉਂਕਿ ਸਰਕਾਰ ਨੇ ਖੇਤੀ ਬਿਲਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖੁਸ਼ ਕਰ ਲਈ ਇੱਕ ਹਫਤਾ ਪਹਿਲਾਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ ਪਰ ਜੇਕਰ ਆੜਤੀਆਂ ਨੇ ਵੀ ਹੜ੍ਹਤਾਲ ਕਰ ਦਿੱਤੀ ਤਾਂ ਸਰਕਾਰ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਮੌਕੇ ਵਰਿੰਦਰ ਕੁਮਾਰ ਗੁੱਡੂ, ਸਕੱਤਰ ਦਲਵਿੰਦਰ ਸਿੰਘ, ਭਰਪੂਰ ਚੰਦ ਬੈਕਟਰ, ਸੰਜੇ ਘਈ, ਰਾਕੇਸ਼ ਕੁਮਾਰ ਬਿੱਟਾ, ਰਮਨਦੀਪ ਸਿੰਘ ਰੰਧਾਵਾ ਹਾਜ਼ਰ ਸਨ।