ਦਾਤ ਦਿਖਾ ਕੇ ਟੈਂਪੂ ਚਾਲਕ ਨਾਲ ਲੁੱਟਖੋਹ: ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਜਾਂਚ ਦੌਰਾਨ ਇੱਕ ਮੁਲਜ਼ਮ ਕੀਤਾ ਗ੍ਰਿਫ਼ਤਾਰ
ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਦਾਤ ਦੀ ਨੋਕ ’ਤੇ ਇੱਕ ਟੈਂਪੂ ਡਰਾਈਵਰ ਨੂੰ ਲੁੱਟ ਲਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਹੰਬੜਾ ਰੋਡ ਦੇ ਰਿਸ਼ੀ ਨਗਰ ਦੇ ਵਾਸੀ ਗੁਲਾਬ ਚੰਦ ਨੇ ਦੱਸਿਆ ਕਿ ਉਹ ਸਾਹਨੇਵਾਲ ਇਲਾਕੇ ਦੀ ਇੱਕ ਫੈਕਟਰੀ ’ਚੋਂ ਆਪਣੇ ਟੈਂਪੂ ਵਿੱਚ ਮਾਲ ਲੋਡ ਕਰਕੇ ਢੰਡਾਰੀ ਵੱਲ ਜਾ ਰਿਹਾ ਸੀ।
Publish Date: Sun, 24 May 2026 04:11 PM (IST)
Updated Date: Sun, 24 May 2026 04:14 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਦਾਤ ਦੀ ਨੋਕ ’ਤੇ ਇੱਕ ਟੈਂਪੂ ਡਰਾਈਵਰ ਨੂੰ ਲੁੱਟ ਲਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਹੰਬੜਾ ਰੋਡ ਦੇ ਰਿਸ਼ੀ ਨਗਰ ਦੇ ਵਾਸੀ ਗੁਲਾਬ ਚੰਦ ਨੇ ਦੱਸਿਆ ਕਿ ਉਹ ਸਾਹਨੇਵਾਲ ਇਲਾਕੇ ਦੀ ਇੱਕ ਫੈਕਟਰੀ ’ਚੋਂ ਆਪਣੇ ਟੈਂਪੂ ਵਿੱਚ ਮਾਲ ਲੋਡ ਕਰਕੇ ਢੰਡਾਰੀ ਵੱਲ ਜਾ ਰਿਹਾ ਸੀ।
ਗੁਲਾਬ ਚੰਦ ਨੇ ਦੱਸਿਆ ਕਿ ਉਹ ਜਿਵੇਂ ਹੀ ਮਿੱਤਲ ਕੰਡੇ ਦੇ ਲਾਗੇ ਪਹੁੰਚਿਆ ਤਾਂ ਉਹ ਗੱਡੀ ਦੇ ਟਾਇਰ ਚੈੱਕ ਕਰਨ ਲਈ ਹੇਠਾਂ ਉਤਰ ਗਿਆ। ਗੁਲਾਬ ਦੇ ਮੁਤਾਬਕ ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਦਾਤ ਦੀ ਨੋਕ ’ਤੇ ਉਸਦੀ ਜੇਬ ’ਚੋਂ ਤਕਰੀਬਨ 5 ਹਜ਼ਾਰ ਰੁਪਏ ਦੀ ਰਕਮ ਕੱਢ ਲਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗੁਲਾਬ ਚੰਦ ਦੀ ਸ਼ਿਕਾਇਤ ’ਤੇ ਮੁਕਦਮਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ੇਰਪੁਰ ਦੇ ਰਹਿਣ ਵਾਲੇ ਪ੍ਰੇਮ ਗਿਰੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਪ੍ਰੇਮਗਿਰੀ ਦੇ ਸਾਥੀ ਪੱਪੀ ਅਤੇ ਛੋਟੂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।