ਗੌਰਵ ਕੁਮਾਰ ਸਲੂਜਾ, ਲੁਧਿਆਣਾ :

ਮਹਾਨਗਰ ਦੇ ਬਹਾਦੁਰਕੇ ਰੋਡ ਸਥਿਤ ਸਬਜ਼ੀ ਮੰਡੀ ਵਿਚ ਬੀਤੇ ਕੁਝ ਦਿਨ ਪਹਿਲਾਂ ਪਾਰਕਿੰਗ ਠੇਕੇਦਾਰ ਦੀ ਵੱਧ ਵਸੂਲੀ ਤੋਂ ਮੰਡੀ ਦੇ ਲੋਕ ਡਾਹਢੇ ਪਰੇਸ਼ਾਨ ਹੋ ਰਹੇ ਸਨ। ਜਿਸ ਦੇ ਸਬੰਧ ਵਿੱਚ ਮੰਡੀ ਦੇ ਆੜ੍ਹਤੀਆਂ ਨੇ ਇਕਜੁੱਟ ਹੋ ਕੇ ਆਪੋ-ਆਪਣੀਆਂ ਐਸੋਸੀਏਸ਼ਨਾਂ ਦਾ ਗਠਨ ਕੀਤਾ ਤੇ ਪਾਰਕਿੰਗ ਦੀ ਵੱਧ ਵਸੂਲੀ ਕਰਨ ਦੇ ਸਬੰਧ 'ਚ ਠੇਕੇਦਾਰ ਦੇ ਖ਼ਿਲਾਫ਼ ਕੰਮ-ਕਾਜ ਬੰਦ ਕਰ ਕੇ ਮੰਡੀ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠ ਗਏ ਸਨ। ਜਿਸ ਨੂੰ ਦੇਖਦੇ ਹੋਏ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਦੀ ਸ਼ਿਕਾਇਤ 'ਤੇ ਠੇਕਾ ਰੱਦ ਕਰ ਦਿੱਤਾ ਗਿਆ ਸੀ ਤੇ ਮੰਡੀ ਦੇ ਗੇਟ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਪਾਰਕਿੰਗ ਦੀ ਪਰਚੀ ਕੱਟਣ ਲਈ ਲਗਾ ਦਿੱਤਾ ਗਿਆ ਸੀ। ਮਾਰਕੀਟ ਕਮੇਟੀ ਕੋਲ ਸਟਾਫ ਮੈਂਬਰਾਂ ਦੀ ਕਮੀ ਹੋਣ ਕਾਰਨ ਕੰਪਨੀ ਦੇ ਠੇਕੇਦਾਰ ਤੋਂ ਕੁਝ ਮੁਲਾਜ਼ਮ ਕੰਮ ਲਈ ਰੱਖੇ ਗਏ ਸਨ। ਠੇਕੇਦਾਰ ਦੇ ਰੱਖੇ ਮੁਲਾਜ਼ਮਾਂ ਵੱਲੋਂ ਪਹਿਲੇ ਦਿਨ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕੀਤੀਆਂ ਗਈਆਂ ਸਨ। ਜਿਸ ਨੂੰ ਦੇਖਦੇ ਹੋਏ ਮੰਡੀ ਵਿੱਚ ਵੱਧ ਵਸੂਲੀ ਦੀ ਖਬਰ ਅੱਗ ਵਾਂਗ ਫੈਲ ਗਈ ਤੇ ਮੰਡੀ 'ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਦੀ ਸ਼ਿਕਾਇਤ ਮੰਡੀ ਦੀ ਐਸੋਸੀਏਸ਼ਨ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਨੂੰ ਦੇਖਦੇ ਹੋਏ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਠੇਕੇਦਾਰ ਦੇ ਰੱਖੇ ਪੰਜ ਮੁਲਾਜ਼ਮਾਂ ਦੀ ਥਾਂ ਨਵੇਂ ਹੋਰ ਮੁਲਾਜ਼ਮ ਲਗਾ ਦਿੱਤੇ ਗਏ।

-ਮਾਰਕੀਟ ਕਮੇਟੀ ਦੇ ਮੁਲਾਜ਼ਮ ਹੀ ਲਗਾ ਰਹੇ ਹਨ ਮੰਡੀ ਬੋਰਡ ਨੂੰ ਚੂਨਾ

ਸਬਜ਼ੀ ਮੰਡੀ 'ਚ ਬੀਤੇ ਕੁਝ ਮਹੀਨੇ ਪਹਿਲਾਂ ਰੇਹੜੀ ਫੜ੍ਹੀ ਯੂਨੀਅਨ ਦੇ ਠੇਕੇਦਾਰ ਦੀ ਵੱਧ ਵਸੂਲੀ ਨੂੰ ਲੈ ਕੇ ਰੇਹੜੀ ਫੜ੍ਹੀ ਯੂਨੀਅਨ ਨੇ ਮੰਡੀ 'ਚ ਹੜਤਾਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮਾਰਕੀਟ ਕਮੇਟੀ ਨੇ ਰੇਹੜੀ-ਫੜ੍ਹੀ ਯੂਨੀਅਨ ਦੀ ਸ਼ਿਕਾਇਤ 'ਤੇ ਠੇਕਾ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਰੇਹੜੀ ਫੜੀ ਯੂਨੀਅਨ ਦੇ ਯੂਜ਼ਰ ਚਾਰਜਿਜ਼ ਦੀ ਵਸੂਲੀ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਲੱਗੀ ਬੀਤੇ ਦਿਨੀਂ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਮੰਡੀ ਵਿੱਚੋਂ ਯੂਜ਼ਰ ਚਾਰਜ ਇੱਕਠਾ ਕਰ ਰਹੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੀ ਪੁਖਤਾ ਪਰੂਫਾਂ ਸਮੇਤ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਸ਼ਿਕਾਇਤ ਦਿੱਤੀ । ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੰਡੀ ਅਫ਼ਸਰ ਜਸਬੀਰ ਕੌਰ ਨੇ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਕੁਮਾਰ ਨੂੰ ਮੰਡੀ 'ਚ ਚੈਕਿੰਗ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ਨਿਚਰਵਾਰ ਤੇ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਮੰਡੀ ਦੀ ਚੈਕਿੰਗ ਕੀਤੀ ਗਈ।

-ਬਿਨਾਂ ਰਸੀਦ ਕੱਟੇ ਮੰਡੀ 'ਚ ਹੋਈ ਵਸੂਲੀ

ਜਿਸ ਤਰ੍ਹਾਂ ਹਰ ਰੋਜ਼ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਰੇਹੜੀ ਫੜ੍ਹੀ ਵਾਲੇ ਲੋਕਾਂ ਤੋਂ ਰਸੀਦ ਕੱਟ ਕੇ ਯੂਜ਼ਰ ਚਾਜਰ ਇਕੱਠੇ ਕੀਤੇ ਜਾਂਦੇ ਹਨ। ਉਸੇ ਤਰ੍ਹਾਂ ਹੀ ਅੱਜ ਮੰਡੀ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਜਦੋਂ ਮਾਰਕੀਟ ਕਮੇਟੀ ਦੇ ਨਵੇਂ ਮੁਲਾਜ਼ਮ ਵੱਲੋਂ ਬਿਨਾਂ ਕਿਸੇ ਰਸੀਦ ਤੋਂ ਕਰੀਬ 70 ਫੜ੍ਹੀਆਂ ਵਾਲਿਆਂ ਕੋਲੋਂ 100 ਰੁਪਏ ਦੇ ਹਿਸਾਬ ਨਾਲ ਪੈਸੇ ਇੱਕਠੇ ਕਰਨ ਲਏ। ਮੌਕੇ 'ਤੇ ਰੁਪਏ ਇਕੱਠੇ ਕਰ ਰਹੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਰਾਜੂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਵੱਲੋਂ ਮੇਰੀ ਡਿਊਟੀ ਮੰਡੀ ਦੇ ਗੇਟ 'ਤੇ ਲਗਾਈ ਗਈ ਸੀ, ਪਰ ਬੀਤੀ ਸ਼ਾਮ ਨੂੰ ਡਿਊਟੀ ਇਕਦਮ ਬਦਲ ਕੇ ਰਹੇ ਰੇਹੜੀ ਫੜੀ ਤੋਂ ਯੂਜ਼ਰ ਚਾਰਜ ਇਕੱਠੇ ਕਰਨ 'ਤੇ ਲਗਾ ਦਿੱਤੀ ਗਈ। ਮੇਰੇ ਕੋਲ ਰਸੀਦ ਬੁੱਕ ਨਾ ਹੋਣ ਕਾਰਨ ਅਤੇ ਪਹਿਲਾਂ ਡਿਊਟੀ ਕਰ ਰਹੇ ਮੁਲਾਜ਼ਮ ਵੱਲੋਂ ਮੈਨੂੰ ਰਸੀਦ ਬੁੱਕ ਨਾ ਦੇਣ ਕਾਰਨ ਇਕ ਕਾਪੀ 'ਤੇ ਨਾਂਅ ਨੋਟ ਕਰ ਕੇ ਰੇਹੜੀ-ਫੜ੍ਹੀ ਤੋਂ ਵਸੂਲੀ ਕਰ ਰਿਹਾ ਹਾਂ। ਰਸੀਦ ਬੁੱਕ ਮਿਲਦੇ ਹੀ ਇਨ੍ਹਾਂ ਨੂੰ ਰਸੀਦਾਂ ਕੱਟ ਕੇ ਦੇ ਦਿੱਤੀਆਂ ਜਾਣਗੀਆਂ।

-ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਸਕੱਤਰ

ਮੰਡੀ ਵਿੱਚ ਰਸੀਦ ਤੋਂ ਬਿਨ੍ਹਾਂ ਵਸੂਲੀ ਹੋਣ ਦੀ ਖਬਰ ਸੁਣਦੇ ਹੀ ਛੁੱਟੀ ਹੋਣ ਦੇ ਬਾਵਜੂਦ ਮੌਕੇ 'ਤੇ ਪਹੁੰਚੇ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਮੰਡੀ 'ਚ ਬਿਨਾਂ ਰਸੀਦ ਤੋਂ ਵਸੂਲੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰੇਹੜੀ ਫੜੀ ਦੀ ਯੂਜ਼ਰ ਚਾਰਜ ਇਕੱਠੇ ਕਰਨ ਤੇ ਮੁਲਾਜ਼ਮ ਦੀ ਡਿਊਟੀ ਬਦਲ ਦਿੱਤੀ ਗਈ ਸੀ ਪਰ ਪਹਿਲਾਂ ਡਿਊਟੀ ਕਰ ਰਹੇ ਮੁਲਾਜ਼ਮ ਵੱਲੋਂ ਰਸੀਦ ਬੁੱਕ ਨਾ ਦੇਣ ਤੇ ਮੰਡੀ 'ਚ ਖਾਮੀਆਂ ਪਾਈਆਂ ਜਾਣ 'ਤੇ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

-ਭਿ੍ਸ਼ਟਾਚਾਰੀ ਮੁਲਾਜ਼ਮਾਂ ਖ਼ਿਲਾਫ਼ ਹੋਵੇਗੀ ਕਾਰਵਾਈ : ਡੀਐੱਮਓ

ਗੱਲ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਕੌਰ ਨੇ ਦੱਸਿਆ ਕਿ ਕੱਲ੍ਹ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਤੇ ਮਾਰਕੀਟ ਕਮੇਟੀ ਵੱਲੋਂ ਯੂਜ਼ਰ ਚਾਰਜ ਇਕੱਠੇ ਕਰ ਰਹੇ ਮੁਲਾਜ਼ਮਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ, ਜਿਸ ਨੂੰ ਦੇਖਦੇ ਹੋਏ ਕੱਲ੍ਹ ਤੇ ਅੱਜ ਸਾਡੀ ਟੀਮ ਵੱਲੋਂ ਮੰਡੀ 'ਚ ਚੈਕਿੰਗ ਕੀਤੀ ਗਈ ਤੇ ਮੁਲਾਜ਼ਮਾਂ ਖਿਲਾਫ ਕੁਝ ਖਾਮੀਆਂ ਵੀ ਪਾਈਆਂ ਗਈਆਂ, ਇਨ੍ਹਾਂ ਖ਼ਿਲਾਫ਼ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।