ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਕਰੀਮਪੁਰਾ ਬਾਜ਼ਾਰ ਦੇ ਕੋਲ ਪੈਂਦੇ ਹੋਟਲ ਜੀਕੇ 'ਚ ਹੋਟਲ ਦੇ ਵੇਟਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਵੇਟਰ ਅਜੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤੀ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉੱਤਰ-ਪ੍ਰਦੇਸ਼ 'ਚ ਸੂਚਨਾ ਦੇ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਉਪਰੰਤ ਪੁਲਿਸ ਅਗਲੀ ਕਾਰਵਾਈ ਕਰੇਗੀ। ਫਿਲਹਾਲ ਪੁਲਿਸ ਦਾ ਮੰਨਣਾ ਹੈ ਕਿ ਵੇਟਰ ਦੀ ਮੌਤ ਬਿਮਾਰੀ ਕਾਰਨ ਹੋਈ ਹੈ।

ਸੂਤਰਾਂ ਮੁਤਾਬਕ ਅਜੇ ਕੁਮਾਰ ਯੂਪੀ ਦਾ ਰਹਿਣ ਵਾਲਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਕਰੀਮਪੁਰਾ ਬਾਜ਼ਾਰ 'ਚ ਪੈਂਦੇ ਹੋਟਲ ਜੀਕੇ 'ਚ ਬਤੌਰ ਵੇਟਰ ਕੰਮ ਕਰਦਾ ਹੈ। ਹੋਟਲ ਦੇ ਸਰਵੈਂਟ ਰੂਮ 'ਚ ਅਜੇ ਰਹਿ ਰਿਹਾ ਸੀ। ਬੀਤੀ ਰਾਤ ਬਾਕੀ ਮੁਲਾਜ਼ਮ ਵੀ ਹੋਟਲ ਦੇ ਉੱਪਰ ਵਾਲੇ ਹਿੱਸੇ 'ਚ ਮੌਜੂਦ ਸਨ। ਹੋਟਲ ਮਾਲਕ ਦੇ ਮੁਤਾਬਕ ਬੀਤੀ ਰਾਤ ਅਜੇ ਦੀ ਛਾਤੀ 'ਚ ਦਰਦ ਹੋਈ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਅਜੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆ ਰਿਹਾ ਹੈ ਕਿ ਅਜੇ ਦੀ ਮੌਤ ਬਿਮਾਰੀ ਕਾਰਨ ਹੋਈ ਹੋਵੇਗੀ।

ਪੁਲਿਸ ਨੇ ਅਜੇ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।