ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਆਸੀ ਬਦਲਾਖੋਰੀ ਦੇ ਅਧੀਨ ਕੰਮ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜੋਸ਼ ਦੇਖ ਕੇ ਕਾਂਗਰਸ ਸਰਕਾਰ ਬੋਖਲਾ ਗਈ ਹੈ ਤੇ ਉਹ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਮਾਮਲੇ ਵਿਚ ਫਸਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਆਉਣ ਤੋਂ ਰੋਕਣਾ ਚਾਹੁੰਦੀ ਹੈ।
ਇਹ ਪ੍ਰਗਟਾਵਾ ਮੰਗਲਵਾਰ ਨੂੰ ਲੁਧਿਆਣਾ ਸਥਿਤ ਸਥਾਨਕ ਹੋਟਲ ਵਿਖੇ ਰੱਖੀ ਗਈ ਪੈ੍ਸ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਚੰਨੀ ਨੂੰ ਖੁੱਲੀ ਚੁਣੋਤੀ ਦਿੰਦੇ ਹਨ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਖਿਲਾਫ ਇਕ ਵੀ ਸਬੂਤ ਪੇਸ਼ ਕਰ ਦੇਣ ਤਾਂ ਉਹ ਰਾਜਨੀਤੀ ਛੱੱਡ ਦੇਣਗੇ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਵਿਚ ਆਉਣ ਤੋ ਰੋਕਣ ਲਈ ਸਾਜ਼ਿਸ਼ ਰਚ ਰਹੀਆਂ ਹਨ।
ਬਾਦਲ ਨੇ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਭੋਲਾ ਨਸ਼ੇ ਮਾਮਲੇ ਦੇ ਇਕ ਭਗੌੜੇ ਦੇ ਹੁਕਮ ਵਜਾਉਣ ਦੇ ਦੋਸ਼ਾਂ ਵਿਚ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਇਆ ਹੈ। ਸਿਧਾਰਥ ਚਟੋਪਾਧਿਆਏ ਨੂੰ ਗ੍ਰਿਫਤਾਰ ਕਰਨ ਨਾਲ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸਾਰੀ ਸਾਜ਼ਿਸ਼ ਵੀ ਬੇਨਕਾਬ ਹੋ ਜਾਵੇਗੀ। ਬਾਦਲ ਨੇ ਅੰਗਰੇਜੀ ਅਖਬਾਰ ਦੀ ਕਟਿੰਗ ਦਾ ਹਵਾਲਾ ਦੇ ਕੇ ਕਿਹਾ ਕਿ ਚਟੋਪਾਧਿਆਏ ਦੇ ਖਿਲਾਫ ਸਾਰੇ ਸਬੂਤ ਹੁਣ ਜਨਤਕ ਹਨ, ਪਰ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਚਟੋਪਾਧਿਆਏ ਦੇ ਖਿਲਾਫ ਇਸ ਮਾਮਲੇ ਵਿਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਬਾਦਲ ਨੇ ਕਿਹਾ ਕਿ ਮਜੀਠੀਆ ਨੂੰ ਗ੍ਰਿਫਤਾਰ ਕਰਨ ਨੂੰ ਕਾਹਲੀ ਸਰਕਾਰ ਗਾਇਕ ਤੋਂ ਕਾਂਗਰਸੀ ਬਣੇ ਸਿੱਧੂ ਮੂਸੇਵਾਲੇ ਦੇ ਖਿਲਾਫ ਕਾਰਵਾਈ ਕਿਉ ਨਹੀਂ ਕਰ ਰਹੀ, ਜਦੋਂ ਕਿ ਉਹ ਵੀ ਇਕ ਭਗੌੜਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਨੁੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ, ਹਾਲਾਂਕਿ ਉਸਦੇ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਚਿਹਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੁੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਚੁਣਿਆ ਗਿਆ ਹੈ। ਇਸ ਮੌਕੇ ਹਰੀਸ਼ ਰਾਏ ਢਾਡਾ, ਹੀਰਾ ਸਿੰਘ ਗਾਬੜੀਆ, ਰਦਜੀਤ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਪਾਲੀ, ਆਰਡੀ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹਰਭਜਨ ਸਿੰਘ ਡਾਂਗ, ਨੂਰਜੋਤ ਸਿੰਘ ਮੱਕੜ ਵੀ ਹਾਜ਼ਰ ਸਨ।
ਅਗਾਊਂ ਜ਼ਮਾਨਤ ਨਾ ਮਿਲੇ, ਇਸ ਲਈ ਜੋੜੀ ਐਨਡੀਪੀਐਸ ਐਕਟ ਦੀ ਧਾਰਾ 37
ਬਾਦਲ ਨੇ ਕਾਂਗਰਸ ਨੂੰ ਲੰਬੇ ਹੱਥੀ ਲੈਂਦਿਆ ਕਿਹਾ ਕਿ ਮਜੀਠੀਆ ਦੇ ਖਿਲਾਫ ਨਾ ਸਿਰਫ ਝੂਠਾ ਕੇਸ ਦਰਜ ਕੀਤਾ ਗਿਆ, ਬਲਕਿ ਐਨਡੀਪੀਐਸ ਐਕਟ ਦੀ ਧਾਰਾ 37 ਵੀ ਜੋੜੀ ਗਈ ਤਾਂ ਜੋ ਉਹ ਅਗਾਉਂ ਜ਼ਮਾਨਤ ਹਾਸਲ ਨਾ ਕਰ ਸਕਣ। ਇਸੇ ਤਕਨੀਕੀ ਆਧਾਰ ’ਤੇ ਉਨ੍ਹਾਂ ਦੀ ਅਗਾਉਂ ਜ਼ਮਾਨਤ ਖਾਰਜ ਕੀਤੀ ਗਈ ਹੈ, ਪਰ ਇਸ ਖਿਲਾਫ ਹੁਣ ਸੁਪਰੀਮ ਕੋਰਟ ਜਾਵਾਂਗੇ। ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਾਂਗਰਸ ਦੇ ਰਾਜ ਕਾਲ ਦੌਰਾਨ ਦਰਜ ਹੋਏ ਸਾਰੇ ਝੁਠੇ ਕੇਸਾਂ ਦੀ ਪੜਤਾਲ ਵਾਸਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਏਗੀ। ਉਨ੍ਹਾਂ ਕਿਹਾ ਕਿ ਝੁਠੇ ਕੇਸ ਦਰਜ ਕਰਨ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਲੰਬੀ ਤੋ ਚੋਣ ਲਈ ਬਾਦਲ ਪਰਿਵਾਰ ਦਾ ਹੋ ਸਕਦਾ ਹੈ ਕੋਈ ਨਵਾਂ ਚਿਹਰਾ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋ ਜਦ ਪੁੱਛਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬਿਮਾਰ ਚੱਲ ਰਹੇ ਹਨ ਤੇ ਅਜੇ ਲੁਧਿਆਣਾ ਵਿਚ ਹੀ ਹਨ। ਇਸ ਲਈ ਲੰਬੀ ਚੋਣ ਹਲਕੇ ਤੋ ਕੌਣ ਚੋਣ ਲੜੇਗਾ। ਇਸ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਥੋੜਾ ਇੰਤਜਾਰ ਕਰੋ ਕੁੱਝ ਹੀ ਦਿਨਾਂ ਵਿਚ ਸਭ ਨੂੰ ਪਤਾ ਲਗ ਜਾਵੇਗਾ, ਪਰ ਹਰਸਿਮਰਤ ਕੌਰ ਬਾਦਲ ਉਥੋਂ ਉਮੀਦਵਾਰ ਨਹੀਂ ਹਨ। ਇਸ ਤਰ੍ਹਾਂ ਇਹ ਕਿਆਸ ਅਰਾਈਆਂ ਤੇਜ਼ ਹੋ ਗਈਆ ਕਿ ਲੰਬੀ ਹਲਕੇ ਤੋਂ ਬਾਦਲ ਪਰਿਵਾਰ ਦਾ ਕਿਹੜਾ ਚਿਹਰਾ ਚੋਣ ਮੈਦਾਨ ਵਿਚ ਉਤਰੇਗਾ।
Posted By: Jagjit Singh