ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬ ’ਚ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਲਈ ਅਸਲ ਮਾਫ਼ੀਆ ਕਾਂਗਰਸ ਦੇ ਕੁਝ ਵਿਧਾਇਕ ਹਨ। ਇਹ ਵਿਧਾਇਕ ਲੋਕਾਂ ਦੀ ਜਾਨ ਨਾਲ ਖੇਡ ਕੇ ਕਰੋੜਾਂ ਰੁਪਏ ਇਕੱਠੇ ਕਰਨ ਲੱਗੇ ਹੋਏ ਹਨ। ਪੰਜਾਬ ਦੇ ਲੋਕ ਮਰਨ ਜਾਂ ਜਿਊਣ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਲਹੇੜੀ ਚੌਕ ਖੰਨਾ ਵਿਖੇ ਕੀਤਾ।

ਦੱਸਣਯੋਗ ਹੈ ਕਿ ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਜਾਅਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਜਿਸ ਕਰਕੇ ਸ਼ੁੱਕਰਵਾਰ ਨੂੰ ਖੰਨਾ ਵਿਖੇ ਵੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਵਿਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਅਸਲ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਬਾਦਲ ਨੇ ਕਿਹਾ ਕਿ ਕੈਪਟਨ ਦਾ ਪਿਛੋਕੜ ਸ਼ਰਾਬ ਮਾਫ਼ੀਆ ਨਾਲ ਜੁੜਿਆ ਹੋਇਆ ਹੈ। ਕੈਪਟਨ ਨੇ ਆਪਣੀ 2002 ਦੀ ਸਰਕਾਰ ਦੌਰਾਨ ਪੋਂਟੀ ਚੱਢਾ ਨੂੰ ਪੰਜਾਬ ਦੇ ਠੇਕੇ ਦਿੱਤੇ ਤੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਾਇਆ। ਜਦੋਂ ਅਕਾਲੀ ਦਲ ਦੀ ਸਰਕਾਰ ਵੱਲੋਂ 2002 ਤਕ ਸ਼ਰਾਬ ਤੋਂ 1430 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਜਾਂਦਾ ਸੀ। ਕੈਪਟਨ ਨੇ 2007 ਤਕ ਘਾਟਾ ਪਾ ਕੇ 1300 ਕਰੋੜ ਰੁਪਏ ਤਕ ਲਿਆਂਦਾ। ਹੁਣ 2017 ’ਚ ਸ਼ਰਾਬ ਤੋਂ ਸਰਕਾਰ ਨੂੰ 5000 ਕਰੋੜ ਰੁਪਏ ਦੀ ਆਮਦਨ ਸੀ, ਜੋ ਕੈਪਟਨ ਦੀ ਸਰਕਾਰ ਦੌਰਾਨ ਘੱਟ ਕੇ 3500 ਕਰੋੜ ਰੁਪਏ ਰਹਿ ਗਿਆ ਹੈ।

ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦਾ ਖ਼ਜ਼ਾਨਾ ਭਰਨ ਦੀ ਥਾਂ ਲੁੱਟਣ ਲੱਗੀ ਹੋਈ ਹੈ, ਜਿਸ ਕਰਕੇ ਹੀ ਕਾਂਗਰਸ ਕੋਲ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਸਹੂਲਤਾਂ ਪੈਨਸ਼ਨ, ਸ਼ਗਨ, ਵਜ਼ੀਫ਼ੇ, ਰਾਸ਼ਨ ਕਾਰਡ ਆਦਿ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਸਗੋਂ ਜਾਅਲੀ ਲੋਕ ਹਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿ ਦੇ ਕੇ ਖੜ੍ਹਾ ਕੀਤਾ ਗਿਆ ਹੈ ਤਾਂ ਜੋ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ। ਇਹ ਜਾਅਲੀ ਲੋਕਾਂ ਦੇ ਹੱਥ ਕੁਝ ਨਹੀਂ ਹੈ ਸਗੋਂ ਜੇਕਰ ਪਰਮਾਤਮਾ ਨੇ ਮੁੱਖ ਮੰਤਰੀ ਬਣਾਉਣਾ ਹੋਇਆ ਤਾਂ ਕੋਈ ਰੋਕ ਨਹੀਂ ਸਕਦਾ।

ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਥਾਣਾ ਸਦਰ ’ਚ ਪਿਤਾ-ਪੁੱਤਰ ਸਮੇਤ 3 ਜਣਿਆਂ ਨੰਗਾ ਕਰਨ ਦੇ ਮਾਮਲੇ ’ਚ ਥਾਣੇਦਾਰ ਬਲਜਿੰਦਰ ਸਿੰਘ ਨੂੰ ਖ਼ਿਲਾਫ਼ ਕਾਰਵਾਈ ਕਰਵਾਈ ਹੈ, ਇਸੇ ਤਰ੍ਹਾਂ ਨਕਲੀ ਸ਼ਰਾਬ ਵਾਲੇ ਵੀ ਬਖ਼ਸ਼ੇ ਨਹੀਂ ਜਾਣਗੇ। ਮਜੀਠੀਆਂ ਨੇ ਜਾਅਲੀ ਸ਼ਰਾਬ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ 'ਤੇ ਥਾਣੇਦਾਰ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਜਾਇਜ਼ ਸ਼ਰਾਬ ਫੈਕਟਰੀ ਮਾਮਲੇ ’ਚ ਵਿਧਾਇਕ ਗੁਰਕੀਰਤ ਕੋਟਲੀ ਨੂੰ ਜਿੰਮੇਵਾਰ ਠਹਿਰਾਇਆ ਤੇ ਪੁਲਿਸ ਨੂੰ ਵਿਧਾਇਕ ਕੋਟਲੀ ਤੋਂ ਪੁੱਛਗਿਛ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖੱਟੜਾ, ਰਘਬੀਰ ਸਿੰਘ ਸਹਾਰਨਮਾਜਰਾ, ਸੰਤਾ ਸਿੰਘ ਊਮੈਦਪੁਰ, ਈਸ਼ਰ ਸਿੰਘ ਮੇਹਰਬਾਨ, ਜਗਜੀਵਨ ਸਿੰਘ ਖੀਰਨੀਆਂ, ਯਾਦਵਿੰਦਰ ਸਿੰਘ ਯਾਦੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਾਜਿੰਦਰ ਸਿੰਘ ਜੀਤ, ਇਕਬਾਲ ਸਿੰਘ ਚੰਨੀ, ਦਿਲਮੇਘ ਸਿੰਘ ਖੱਟੜਾ, ਬੂਟਾ ਸਿੰਘ ਰਾਏਪੁਰ, ਦਵਿੰਦਰ ਸਿੰਘ ਹਰਿਓ, ਸੁੁਖਵਿੰਦਰ ਸਿੰਘ ਮਾਂਗਟ, ਹਰਬੀਰ ਸਿੰਘ ਸੋਨੂੰ, ਇੰਦਰਪਾਲ ਸਿੰਘ, ਹਰਜੰਗ ਸਿੰਘ ਗਿੱਲ, ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ ਆਦਿ ਹਾਜ਼ਰ ਸਨ।

Posted By: Seema Anand