ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਪੈਂਦੇ ਹੋਟਲ ਆਕਾਸ਼ ਗੰਗਾ ਦੇ ਕਮਰੇ 'ਚ ਚੌਲਾਂ ਦੇ ਕਾਰੋਬਾਰੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਕਾਰੋਬਾਰੀ ਦੀ ਪਛਾਣ ਸਿਵਲ ਲਾਈਨ ਦੇ ਵਾਸੀ ਸੰਜੀਵ ਗਾਂਧੀ ਵਜੋਂ ਹੋਈ ਹੈ। ਇਸ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇੱਜ ਦਿੱਤਾ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸਿਵਲ ਲਾਈਨ ਦਾ ਵਾਸੀ ਸੰਜੀਵ ਗਾਂਧੀ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ।ਬੀਤੀ ਰਾਤ ਪਰਿਵਾਰ ਨੂੰ ਦੱਸੇ ਬਿਨਾਂ ਹੀ ਉਹ ਘੰਟਾ ਘਰ ਦੇ ਕੋਲ ਪੈਂਦੇ ਹੋਟਲ ਆਕਾਸ਼ ਗੰਗਾ 'ਚ ਆ ਗਿਆ।

ਬੁੱਧਵਾਰ ਸਵੇਰੇ ਜਦ ਹੋਟਲ ਦਾ ਇੱਕ ਮੁਲਾਜ਼ਮ ਕਮਰੇ ਦੇ ਅੰਦਰ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਸੰਜੀਵ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸੰਜੀਵ ਨੇ ਗਰਮ ਪੱਟੀ ਨਾਲ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਇਸ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਦਾ ਕਹਿਣਾ ਹੈ ਕਿ ਸੰਜੀਵ ਨੇ ਮੌਤ ਨੂੰ ਗਲ਼ੇ ਲਗਾਉਣ ਤੋਂ ਪਹਿਲਾਂ ਡਾਇਰੀ 'ਚ ਇੱਕ ਸੁਸਾਈਡ ਨੋਟ ਲਿਖਿਆ ਜਿਸ 'ਚ ਉਸ ਨੇ ਇੱਕ ਕੰਪਨੀ ਦਾ ਜ਼ਿਕਰ ਕੀਤਾ। ਪੁਲਿਸ ਨੇ ਇਸ ਮਾਮਲੇ 'ਚ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।

Posted By: Amita Verma