ਪੱਤਰ ਪੇ੍ਰਕ, ਸਮਰਾਲਾ : ਲੋਹੜੀ ਦੇ ਤਿਉਹਾਰ ਮੌਕੇ ਜਿਸ ਸਮੇਂ ਪੁੱਤਾਂ ਵਾਲੇ ਘਰਾਂ 'ਚ ਲੋਹੜੀਆਂ ਗਾਈਆਂ ਜਾ ਰਹੀਆਂ ਸਨ, ਉਸੇ ਸਮੇਂ ਪਿੰਡ ਲੱਲਾਂ ਦੇ ਇਕ ਘਰ ਦਾ ਚਿਰਾਗ ਬੁੱਝ ਜਾਣ 'ਤੇ ਵੈਣ ਪੈ ਰਹੇ ਸਨ। ਇਸ ਘਰ ਦੇ ਨੌਜਵਾਨ ਵੱਲੋਂ ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਖ਼ੁਦਕੁਸ਼ੀ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ 26 ਸਾਲਾ ਮਨਦੀਪ ਸਿੰਘ ਵੱਲੋਂ ਬੁੱਧਵਾਰ ਸਵੇਰੇ ਕਰੀਬ 11 ਵਜੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਥਾਣਾ ਸਮਰਾਲਾ ਤੋਂ ਤਫਤੀਸ਼ੀ ਅਫ਼ਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਜਾ ਵੱਸੀ ਸੀ। ਪਿਛਲੇ ਦਿਨੀਂ ਉਸ ਦੀ ਪਤਨੀ ਕੁਝ ਦਿਨਾਂ ਦੀ ਛੁੱਟੀ ਕੱਟਣ ਤੋਂ ਬਾਅਦ 6 ਜਨਵਰੀ ਨੂੰ ਇੱਥੋਂ ਵਾਪਸ ਚਲੀ ਗਈ ਸੀ, ਜਦਕਿ ਉਕਤ ਨੌਜਵਾਨ ਦਾ ਵੀਜ਼ਾ ਰੱਦ ਹੋ ਗਿਆ ਸੀ। ਬੁੱਧਵਾਰ ਸਵੇਰੇ ਜਦੋਂ ਉਹ ਆਪਣੇ ਕਮਰੇ 'ਚੋਂ ਬਾਹਰ ਨਾ ਆਇਆ ਤਾਂ ਕਰੀਬ 11 ਵਜੇ ਉਸ ਦੇ ਭਰਾ ਨੇ ਕੰਧ ਟੱਪ ਕੇ ਝਾਤੀ ਮਾਰ ਕੇ ਦੇਖਿਆ ਕਿ ਕਮਰੇ ਅੰਦਰ ਪੱਖੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਉਪਰੰਤ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।

ਸ਼ਗਨਾਂ ਵਾਲੀ ਚੁੰਨੀ ਨਾਲ ਲਿਆ ਫਾਹਾ

ਪੁਲਿਸ ਦੇ ਆਉਣ 'ਤੇ ਜਦੋਂ ਪਰਿਵਾਰ ਨੇ ਨੌਜਵਾਨ ਦੇ ਕਮਰੇ ਨੂੰ ਖੋਲਿ੍ਹਆ ਤਾਂ ਵੇਖਿਆ ਮਨਦੀਪ ਸਿੰਘ ਨੇ ਆਪਣੀ ਪਤਨੀ ਨਾਲ ਲਈਆਂ ਲਾਵਾਂ ਵੇਲੇ ਵਰਤੀ ਗਈ ਚੁੰਨੀ ਨਾਲ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਉਤਾਰ ਕੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।