ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਾਰਟਨਰਾਂ ਨੇ ਜਦ ਲੱਖਾਂ ਰੁਪਏ ਦੀ ਅਦਾਇਗੀ ਨਾ ਕੀਤੀ ਤਾਂ ਪਰੇਸ਼ਾਨ ਟ੍ਰੈਵਲ ਏਜੰਟ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮੌਤ ਨੂੰ ਗਲ਼ੇ ਲਾਉਣ ਤੋਂ ਪਹਿਲਾਂ ਟਰੈਵਲ ਏਜੰਟ ਨੇ ਇਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਸ ਨੇ ਆਪਣੇ ਤਿੰਨਾਂ ਭਾਈਵਾਲਾਂ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ। ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਖ਼ੁਦਕੁਸ਼ੀ ਕਰਨ ਵਾਲੇ ਟ੍ਰੈਵਲ ਏਜੰਟ ਅਨਿਲ ਕੁਮਾਰ ਦੇ ਬੇਟੇ ਹਰਸ਼ਤ ਚੋਪੜਾ ਦੇ ਬਿਆਨਾਂ ਉੱਪਰ ਪੁਨੀਤ ਢਿੱਲੋਂ, ਰਵੀ ਅਰੋੜਾ ਅਤੇ ਅਜੇ ਅਰੋੜਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਸਹੁਰਾ ਪਰਿਵਾਰ ਨੇ ਕੀਤਾ ਜਵਾਈ ਦੇ ਘਰ ਹਮਲਾ, ਘਰ ਦੀ ਭੰਨਤੋੜ ਤੇ ਲੜਕੀ ਨਾਲ ਛੇੜਛਾੜ ਕਰਨ ਦੇ ਲਾਏ ਦੋਸ਼

ਨਿਊ ਜਨਤਾ ਨਗਰ ਵਾਸੀ ਹਰਸ਼ਤ ਚੋਪੜਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਅਨਿਲ ਕੁਮਾਰ ਟ੍ਰੈਵਲ ਏਜੰਟ ਸਨ। ਨਾਮਜ਼ਦ ਕੀਤੇ ਗਏ ਤਿੰਨੋਂ ਮੁਲਜ਼ਮ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਹਨ। ਹਰਸ਼ਤ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਤਿੰਨਾਂ ਮੁਲਜ਼ਮਾਂ ਕੋਲੋਂ ਲੱਖਾਂ ਰੁਪਏ ਦੀ ਰਕਮ ਲੈਣੀ ਸੀ। ਮੁਲਜ਼ਮ ਰਕਮ ਵਾਪਸ ਕਰਨ ਦੀ ਥਾਂ ਉਨ੍ਹਾਂ ਨੂੰ ਤੰਗ ਕਰਦੇ ਸਨ। ਮੁਲਜ਼ਮਾਂ ਵੱਲੋਂ ਤੰਗ ਕਰਨ 'ਤੇ ਅਨਿਲ ਕੁਮਾਰ ਏਨੇ ਕੁ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਮਾਡਲ ਟਾਊਨ ਸਥਿਤ ਆਪਣੇ ਦਫ਼ਤਰ ਦੀ ਪਹਿਲੀ ਮੰਜ਼ਿਲ 'ਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਅਨਿਲ ਕੁਮਾਰ ਨੇ ਇਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ। ਕੇਸ ਦੀ ਪੜਤਾਲ ਕਰ ਰਹੇ ਥਾਣਾ ਡਵੀਜ਼ਨ ਨੰਬਰ ਪੰਜ ਦੇ ਤਫਤੀਸ਼ੀ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਮ੍ਰਿਤਕ ਅਨਿਲ ਕੁਮਾਰ ਦੇ ਬੇਟੇ ਹਰਸ਼ਿਤ ਦੇ ਬਿਆਨਾਂ ਉੱਪਰ ਪੁਨੀਤ, ਰਵੀ ਅਤੇ ਅਜੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Posted By: Seema Anand