ਸੁਖਦੇਵ ਸਿੰਘ/ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਦੀ ਟੀਮ ਹਾਲ ਹੀ ਵਿਚ ਮਾਡਲ ਯੂਥ ਪਾਰਲੀਮੈਂਟ ਦੁਆਰਾ ਕਰਵਾਏ ਗਏ ਮਾਡਲ ਯੂਥ ਸੰਸਦ-2019 ਵਿਚ ਸਭ ਤੋਂ ਅੱਗੇ ਰਹੀ। ਇਹ ਸਮਾਗਮ ਗੁਰੂ ਨਾਨਕ ਦੇਵ ਭਵਨ ਵਿਖੇ ਹੋਇਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ 600 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। 10+2 ਸਾਇੰਸ ਦੇ ਵਿਦਿਆਰਥੀ ਕੰਵਰ ਅਮਿਤੋਜ ਸਿੰਘ ਵੜੈਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਇਨਾਮ ਪ੍ਰਰਾਪਤ ਕਰਨ ਵਿਚ ਸਫਲ ਹੋਏ। ਆਪਣੀ ਤਰਕਸ਼ੀਲ ਤੇ ਹਾਜ਼ਰ ਜਵਾਬੀ ਨਾਲ ਉਸ ਨੇ ਵਿਦਿਆਰਥੀ ਸੰਸਦ ਮੈਂਬਰਾਂ ਨੂੰ ਜਵਾਬ ਦਿੱਤੇ। ਉਸ ਨੇ ਇਹ ਵਿਸ਼ੇਸ਼ ਪੁਰਸਕਾਰ ਦੂਜੀ ਵਾਰ ਜਿੱਤਿਆ, ਇਸ ਵਿਦਿਆਰਥੀ ਨੇ ਪਿਛਲੇ ਸਾਲ ਵੀ ਵਿਸ਼ੇਸ਼ ਇਨਾਮ ਜਿੱਤਿਆ ਸੀ। ਸਕੂਲ ਦੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਲਗਪਗ 15 ਵਿਦਿਆਰਥੀਆਂ ਨੇ ਇਸ ਵਿਚ ਹਿੱਸਾ ਲਿਆ। ਇਸ ਸਮਾਗਮ ਵਿਚ ਕੁਝ ਵਿਦਿਆਰਥੀਆਂ ਨੇ ਸੱਤਾਧਾਰੀ ਧਿਰ ਦੀ ਮੈਂਬਰ ਪਾਰਲੀਮੈਂਟਾਂ ਵਜੋਂ ਨੁਮਾਇੰਦਗੀ ਕੀਤੀ ਜਦੋਂਕਿ ਬਾਕੀਆਂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਵਜੋਂ ਕੰਮ ਕੀਤਾ। ਕੰਵਰ ਅਮਿਤੋਜ ਸਿੰਘ ਵੜੈਚ ਨੇ ਐੱਮਪੀ ਪਰਨੀਤ ਕੌਰ ਦੀ ਭੂਮਿਕਾ ਨਿਭਾਈ। ਮਾਡਲ ਯੁਵਾ ਸੰਸਦ ਲਈ ਬਹਿਸ ਦੇ ਏਜੰਡੇ ਵਿਚ 'ਭਾਰਤ ਵਿਚ ਰਿਜ਼ਰਵੇਸ਼ਨ ਪ੍ਰਣਾਲੀ ਦੀ ਸਮੀਖਿਆ' ਭਾਰਤ ਸਰਕਾਰ ਦੁਆਰਾ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨੂੰ 10 ਫੀਸਦੀ ਰਾਖਵਾਂਕਰਨ ਮੁਹੱਈਆ ਕਰਾਉਣ ਦੇ ਖਾਸ ਕਦਮ ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਗਿਆ। ਦੂਸਰਾ ਏਜੰਡਾ ਸੀ 'ਭਾਰਤ ਵਿਚ ਸਿੱਖਿਆ ਪ੍ਰਣਾਲੀ ਦੀ ਸਮੀਖਿਆ' ਨਵੀਂ ਸਿੱਖਿਆ ਨੀਤੀ ਦੇ ਖਰੜੇ 'ਤੇ ਵਿਸ਼ੇਸ਼ ਜ਼ੋਰ ਦੇ ਕੇ ਆਪਣੇ ਸੰਚਾਰ ਅਤੇ ਬਹਿਸ ਕਰਨ ਦੇ ਹੁਨਰ ਨੂੰ ਦਰਸਾਉਂਦੇ ਹੋਏ ਵਿਦਿਆਰਥੀ ਖੁੱਦ ਸੰਸਦ ਮੈਂਬਰ ਬਣ ਗਏ। ਰੇਖਾ ਵਰਮਾ ਅਤੇ ਰਣਬੀਰ ਕੌਰ ਦੋਵੇਂ ਸਮਾਜਿਕ ਅਧਿਐਨ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਸ਼ਮੂਲੀਅਤ ਕੀਤੀ। ਸਕੂਲ ਪਿ੍ਰੰਸੀਪਲ ਹਰਮੀਤ ਕੌਰ ਵੜੈਚ ਨੇ ਵਿਦਿਆਰਥੀਆਂ ਦੇ ਲੀਡਰਸ਼ਿਪ ਗੁਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਵਿਚ ਭਾਰਤ ਦਾ ਅਗਾਂਹਵਧੂ ਭਵਿੱਖ ਦੇਖਿਆ ਜਾ ਸਕਦਾ ਹੈ।