ਜੇਐੱਨਐੱਨ, ਲੁਧਿਆਣਾ : ਸ਼ਹਿਰ ਦੀਆਂ ਪਾਰਕਾਂ 'ਚ ਪਾਣੀ ਦੀ ਬਰਬਾਦੀ ਹੋ ਰਹੀ ਹੈ। ਮਿੰਨੀ ਸਕੱਤਰੇਤ ਕੰਪਲੈਕਸ ਦੀ ਪਾਰਕ ਹੋਵੇ ਜਾਂ ਫਿਰ ਪਾਸ਼ ਕਾਲੋਨੀ ਸਰਾਭਾ ਨਗਰ ਦੀ, ਹਰ ਥਾਂ ਪਾਣੀ ਦੀ ਬਰਬਾਦੀ ਲਗਾਤਾਰ ਜਾਰੀ ਹੈ। ਦੈਨਿਕ ਜਾਗਰਣ ਵੱਲੋਂ ਪਾਣੀ ਦੀ ਬਰਬਾਦੀ ਰੋਕਣ ਲਈ ਚਲਾਈ ਮੁਹਿੰਮ 'ਘੰਟੀ ਵਜਾਓ, ਪਾਣੀ ਬਚਾਓ' ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਪਾਰਕਾਂ ਤੇ ਹੋਰ ਪ੍ਰਮੁਖ ਸਥਾਨਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਰ ਥਾਂ ਲਗਾਤਾਰ ਪਾਣੀ ਦੀ ਬਰਬਾਦੀ ਵੇਖਣ ਨੂੰ ਮਿਲੀ।

ਮਿੰਨੀ ਸਕੱਤਰੇਤ ਕੰਪਲੈਕਸ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਸਾਹਮਣੇ ਬਣੀ ਪਾਰਕ 'ਚ ਖ਼ਰਾਬ ਟੂਟੀ ਤੇ ਗੇਟਵਾਲਵ ਨਾ ਬਦਲਣ ਦੇ ਕਾਰਨ ਲਗਾਤਾਰ ਪਾਣੀ ਵਹਿ ਰਿਹਾ ਸੀ। ਜਮਾਲਪੁੁਰ ਐੱਚਆਈਜੀ ਪਾਰਕ 'ਚ ਲੱਗੇ ਟਿਊਬਵੈੱਲ ਤੋਂ ਪਾਣੀ ਦੀ ਧਾਰ ਲਗਾਤਾਰ ਕਈ ਮਹੀਨਿਆਂ ਤੋਂ ਵਹਿ ਰਹੀ ਹੈ। ਇਸੇ ਤਰ੍ਹਾਂ ਸਰਾਭਾ ਨਗਰ ਪਾਰਕ 'ਚ ਬਣੇ ਪਖਾਨੇ ਤੋਂ ਲੀਕ ਹੋ ਰਹੇ ਪਾਣੀ ਨੇ ਤਾਂ ਜਨਤਕ ਪਖਾਨੇ ਦੀ ਇਮਾਰਤ ਦੀ ਹਾਲਤ ਹੀ ਖਸਤਾ ਕਰ ਕੇ ਰੱਖ ਦਿੱਤੀ ਹੈ।

——-

ਮਿੰਨੀ ਸਕੱਤਰੇਤ ਕੰਪਲੈਕਸ ਮਲਟੀਸਟੋਰੀ ਪਾਰਕਿੰਗ ਦੀ ਟੈਂਕੀ ਹੋਵੇ ਜਾਂ ਫਿਰ ਏਡੀਸੀ ਦਫ਼ਤਰ ਦੀ ਵਾਟਰ ਸਪਲਾਈ ਲਾਈਨ, ਸਕੱਤਰੇਤ ਕੰਪਲੈਕਸ ਦੀ ਪਾਰਕ ਹੋਵੇ ਜਾਂ ਫਿਰ ਕਚਹਿਰੀ ਕੰਪਲੈਕਸ ਨੂੰ ਜਾਂਦੀ ਸੜਕ, ਹਰ ਥਾਂ ਪਾਣੀ ਦੀ ਲੀਕੇਜ ਜਾਰੀ ਹੈ। ਕਿਧਰੇ ਓਵਰਫਲੋਅ ਹੋ ਰਿਹਾ ਹੈ ਤੇ ਕਿਧਰੇ ਟੁੂਟੀ ਹੀ ਟੁੱਟੀ ਹੋਈ ਹੈ। ਕਿਧਰੇ ਐਲਬੋ ਖ਼ਰਾਬ ਹੈ ਤੇ ਕਿਧਰੇ ਗੇਟਵਾਲਵ ਖ਼ਰਾਬ ਹੈ। ਕੁੱਲ ਮਿਲਾ ਕੇ ਪਾਣੀ ਦੇ ਸੰਕਟ ਪ੍ਰਤੀ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਬੇਪਰਵਾਹ ਦਿਖਾਈ ਦੇ ਰਿਹਾ ਹੈ।

———

ਏਡੀਸੀ ਦਫ਼ਤਰ ਦੇ ਸਾਹਮਣੇ ਬਣੀ ਪਾਰਕ 'ਚ ਹੋ ਰਹੀ ਪਾਣੀ ਦੀ ਬਰਬਾਦੀ

ਮਿੰਨੀ ਸਕੱਤਰੇਤ ਕੰਪਲੈਕਸ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਦੇ ਸਾਹਮਣੇ ਬਣੀ ਪਾਰਕ 'ਚ ਪਾਣੀ ਦੀ ਬਰਬਾਦੀ ਜਾਰੀ ਹੈ। ਪਾਰਕ 'ਚ ਗੇਟ ਵਾਲਵ ਖੁੱਲ੍ਹਾ ਹੈ ਤੇ ਟੂਟੀ ਖ਼ਰਾਬ ਹੈ। ਲਗਾਤਾਰ ਪਾਣੀ ਦੇ ਵਹਿਣ ਕਾਰਨ ਪਾਰਕ ਦਾ ਵੱਡਾ ਹਿੱਸਾ ਪਾਣੀ ਨਾਲ ਭਰ ਗਿਆ ਹੈ। ਮਿੰਨੀ ਸਕੱਤਰੇਤ ਕੰਪਲੈਕਸ ਦੀ ਮਲਟੀਸਟੋਰੀ ਪਾਰਕਿੰਗ ਦੀ ਟੈਂਕੀ ਲਗਾਤਾਰ ਓਵਰਫਲੋਅ ਹੋ ਰਹੀ ਹੈ।

ਟੈਂਕੀ ਦਾ ਢੱਕਣ ਵੀ ਗਾਇਬ ਹੈ। ਓਵਰਫਲੋਅ ਹੋ ਰਹੀ ਟੈਂਕੀ ਕਾਰਨ ਪਾਣੀ ਦੀ ਬਰਬਾਦੀ ਤਾਂ ਕਰ ਹੀ ਰਹੀ ਹੈ, ਉਧਰ ਲਗਾਤਾਰ ਸਿੰਮ ਰਹੇ ਪਾਣੀ ਨਾਲ ਇਮਾਰਤ ਦੀ ਹਾਲਤ ਵੀ ਖ਼ਸਤਾ ਹੋ ਰਹੀ ਹੈ। ਇਸ ਨੂੰ ਰੋਕਣਾ ਵੀ ਕੋਈ ਮਹਿੰਗਾ ਨਹੀਂ ਹੈ। ਏਡੀਸੀ (ਵਿਕਾਸ) ਦੇ ਦਫ਼ਤਰ ਦੀ ਕੰਧ ਨਾਲ ਇਕ ਟੂਟੀ ਲੱਗੀ ਹੋਈ ਹੈ, ਜਿਸਦਾ ਉਪਰਲਾ ਹਿੱਸਾ ਟੁੱਟਣ ਕਾਰਨ ਲਗਾਤਾਰ ਪਾਣੀ ਵਹਿ ਰਿਹਾ ਹੈ। ਕਿਸੇ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਇਸ 'ਤੇ ਇੱਟ ਰੱਖ ਦਿੱਤੀ ਹੈ। ਅਜਿਹਾ ਹੀ ਹਾਲ ਕੋਰਟ ਕੰਪਲੈਕਸ ਨੂੰ ਜਾ ਰਹੀ ਸੜਕ ਕੰਢੇ ਲੱਗੀ ਟੂਟੀ ਦਾ ਹੈ। ਇਥੋਂ ਵੀ ਲਗਾਤਾਰ ਪਾਣੀ ਵਹਿ ਰਿਹਾ ਹੈ।

ਸਰਾਭਾ ਨਗਰ ਸੈਕਰੇਟ ਹਾਰਟ ਸਕੂਲ ਦੇ ਸਾਹਮਣੇ ਬਣੀ ਪਾਰਕ ਦੇ ਜਨਤਕ ਪਖਾਨੇ ਦੀ ਖ਼ਸਤਾ ਹਾਲਤ ਬਣਾਉਣ 'ਚ ਟੈਂਕੀ ਤੋਂ ਲਗਾਤਾਰ ਵਹਿ ਰਿਹਾ ਪਾਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। 'ਦੈਨਿਕ ਜਾਗਰਣ' ਨੂੰ ਇਸ ਓਵਰ ਫਲੋਅ ਹੋ ਰਹੇ ਪਾਣੀ ਦੀ ਤਸਵੀਰ ਇਕ ਜਾਗਰੂਕ ਪਾਠਕ ਸਤਨਾਮ ਸਿੰਘ ਵਾਸੀ ਬੀਆਰਐੱਸ ਨਗਰ ਨੇ ਭੇਜੀ ਹੈ। ਸਤਨਾਮ ਸਿੰਘ ਦਾ ਦਾਅਵਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਥੇ ਲਗਾਤਾਰ ਪਾਣੀ ਦੀ ਬਰਬਾਦੀ ਜਾਰੀ ਹੈ। ਜਮਾਲਪੁਰ ਦੇ ਐੱਚਆਈਜੀ ਪਾਰਕ 'ਚ ਲੱਗੇ ਟਿਊਬਵੈੱਲ ਤੋਂ ਵੀ ਲਗਾਤਾਰ ਪਾਣੀ ਦੀ ਲੀਕੇਜ ਕਈ ਮਹੀਨਿਆਂ ਤੋਂ ਜਾਰੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹੁਣ ਤਕ ਕੋਈ ਹੱਲ ਨਹੀਂ ਨਿਕਲਿਆ।