ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਫਿਰੋਜ਼ਪੁਰ ਸਥਿਤ ਬੀਐੱਸਐੱਫ ਦੀ ਚੌਕੀ ਲੱਖਾ ਸਿੰਘ ਵਾਲਾ ਭਾਰਤ-ਪਾਕਿਸਤਾਨ ਸੀਮਾ 'ਤੇ ਲੱਗੀ ਕੰਡਿਆਲੀ ਤਾਰੋਂ ਪਾਰ ਜ਼ੀਰੋ ਲਾਈਨ ਤੋਂ ਜ਼ਮੀਨ ਹੇਠ ਦੱਬੀ ਚਾਰ ਕਿੱਲੋ ਪੰਜ ਸੌ ਦਸ ਗ੍ਰਾਮ ਹੈਰੋਇਨ ਐੱਸਟੀਐੱਫ ਲੁਧਿਆਣਾ ਦੀ ਟੀਮ ਨੇ ਬਰਾਮਦ ਕੀਤੀ ਹੈ। ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ, ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਅਤੇ ਐੱਸਐੱਸਪੀ ਜਗਰਾਓਂ ਸੰਦੀਪ ਗੋਇਲ ਨੇ ਦੱਸਿਆ ਕਿ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਦੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਫਿਰੋਜ਼ਪੁਰ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਪਾਕਿਸਤਾਨ ਦੇ ਨਸ਼ਾ ਸਮੱਗਲਰ ਮੋਬਾਈਲ ਫੋਨ ਤੇ ਵ੍ਹਟਸਐਪ ਜ਼ਰੀਏ ਸੰਪਰਕ ਕਰ ਕੇ ਭਾਰੀ ਮਾਤਰਾ 'ਚ ਹੈਰੋਇਨ ਭੇਜ ਰਹੇ ਹਨ।

ਸੂਤਰਾਂ ਨੇ ਦੱਸਿਆ ਕਿ ਬੀਐੱਸਐੱਫ ਦੀ ਚੌਕੀ ਲੱਖਾ ਸਿੰਘ ਵਾਲਾ ਦੇ ਕੋਲ ਹੈਰੋਇਨ ਜ਼ਮੀਨ ਹੇਠ ਦੱਬੀ ਹੋਈ ਹੈ। ਟੀਮ ਨੇ ਕਾਰਵਾਈ ਕਰਦਿਆਂ ਜ਼ੀਰੋ ਲਾਈਨ 'ਤੇ ਲੱਗੀ ਬੁਰਜੀ ਨੰਬਰ 206/ 6 ਨੇੜਿਓਂ ਝੋਨੇ ਦੇ ਕੋਲ ਲੱਗੀ ਟਾਹਲੀ ਲਾਗੇ ਦੀ ਜ਼ਮੀਨ ਪੁੱਟ ਕੇ ਦੋ ਬੋਤਲਾਂ ਤੇ ਪੈਕਟਾਂ 'ਚੋਂ ਤਕਰੀਬਨ ਚਾਰ ਕਿੱਲੋ ਪੰਜ ਸੌ ਦਸ ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਮਾਮਲੇ 'ਚ ਪੁਲਿਸ ਨੇ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Posted By: Seema Anand