ਸੰਜੀਵ ਗੁਪਤਾ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਪਿੰਡ ਸਰਾਭਾ ਵਿਖੇ 16 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ 'ਚ ਪੰਜਾਬ ਸਰਕਾਰ ਵੱਲੋਂ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ, ਐੱਮਪੀ ਰਵਨੀਤ ਸਿੰਘ ਬਿੱਟੂ, ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਕਈ ਵਿਧਾਇਕ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋ ਕੇ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਮਾਗਮ ਸਬੰਧੀ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿਖੇ ਪਿਛਲੇ ਕਈ ਦਿਨਾਂ ਤੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮਹਿਮਾਨ ਆਸ਼ੂ ਪਿੰਡ ਸਰਾਭਾ ਵਿਖੇ ਪੁੱਜਣ ਉਪਰੰਤ ਚੌਕ ਵਿਚ ਲੱਗੇ ਸ਼ਹੀਦ ਦੇ ਬੁੱਤ 'ਤੇ ਫੁੱਲ ਮਲਾਵਾਂ ਭੇਟ ਕਰਨਗੇ। ਉਪਰੰਤ ਸ਼ਹੀਦੀ ਸਮਾਰਕ ਅਤੇ ਸ਼ਹੀਦ ਦੇ ਘਰ ਵਿਖੇ ਵੀ ਨਤਮਸਤਕ ਹੋਣਗੇ। ਉਪਰੰਤ ਖੇਡ ਸਟੇਡੀਅਮ ਵਿਖੇ ਖੇਡ ਮੇਲੇ ਵਿਚ ਸ਼ਿਰਕਤ ਕਰਨਗੇ। ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਡੀਸੀ ਨਾਲ ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐੱਸਡੀਐੱਮ ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲ੍ਹੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।