ਸਰਵਣ ਸਿੰਘ ਭੰਗਲਾਂ, ਸਮਰਾਲਾ

ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੀ ਵਿਸ਼ੇਸ਼ ਇਕੱਤਰਤਾ ਸੰਸਥਾ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ 'ਚ ਸਰਬਣ ਸਿੰਘ ਸਮਰਾਲਾ ਨੂੰ ਸੀਨੀ ਮੀਤ ਪ੍ਰਧਾਨ, ਦੀਪ ਦਿਲਬਰ ਕੋਟਾਲਾ ਨੂੰ ਜਨਰਲ ਸਕੱਤਰ ਤੇ ਨੀਰਜ ਸਿਹਾਲਾ ਨੂੰ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ। ਸਮਰਾਲਾ ਸ਼ਹਿਰ ਤੇ ਇਲਾਕੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਭਰਵੀਂ ਵਿਚਾਰ ਚਰਚਾ ਕੀਤੀ ਗਈ ਜਿਸ 'ਚ ਖਾਸ ਤੌਰ 'ਤੇ ਟੁੱਟੀਆਂ ਸੜਕਾਂ ਦਾ ਮੁੱਦਾ ਵਿਚਾਰਿਆ ਗਿਆ। ਇਸ ਤੋਂ ਇਲਾਵਾ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਵੱਗਾਂ 'ਤੇ ਵੀ ਚਿੰਤਾ ਜਾਹਰ ਕੀਤੀ ਕਿਉਂਕਿ ਇਨ੍ਹਾਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਜਨਰਲ ਸਕੱਤਰ ਦੀਪ ਦਿਲਬਰ ਨੇ ਕਿਹਾ ਕਿ ਲੁਧਿਆਣਾ- ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਫਿਰਦੇ ਇਹ ਅਵਾਰਾ ਪਸ਼ੂ ਆਉਣ ਵਾਲੇ ਦਿਨਾਂ 'ਚ ਪੈਣ ਵਾਲੀ ਧੁੰਦ ਕਾਰਨ ਕਿਸੇ ਵੱਡੇ ਹਾਦਸੇ ਦਾ ਕਾਰਨ ਨਾ ਬਣਨ। ਸਮੁੱਚੀ ਜਥੇਬੰਦੀ ਨੇ ਐਸਡੀਐਮ ਸਮਰਾਲਾ ਨੂੰ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਪੈਣ ਵਾਲੀ ਸੰਘਣੀ ਧੁੰਦ 'ਚ ਸੜਕਾਂ 'ਤੇ ਫਿਰ ਰਹੇ ਆਵਾਰਾ ਪਸ਼ੂਆਂ ਤੋਂ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਉਨ੍ਹਾਂ ਦੇ ਗਲੇ 'ਚ ਰਿਫਲੈਕਟਰ ਵਾਲੇ ਪਟੇ ਪਾਏ ਜਾਣ ਜਾਂ ਡੰਗਰਾਂ ਦੇ ਸਿੰਗਾਂ 'ਤੇ ਰਿਫਲੈਕਟਰ ਵਾਲੀ ਪੱਟੀ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਮੁਸ਼ਕਿਲ ਦਾ ਹੱਲ ਹੋ ਸਕੇ। ਇਸ ਮੌਕੇ ਇੰਦਰੇਸ਼ ਜੈਦਕਾ ਵਾਈਸ ਚੇਅਰਮੈਨ, ਦੀਪ ਦਿਲਬਰ, ਨੀਰਜ ਸਿਹਾਲਾ, ਸਰਬਣ ਸਮਰਾਲਾ, ਜਗਤਾਰ ਸਿੰਘ ਦਿਆਲਪੁਰਾ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਸ਼ਲ, ਅਮਰਜੀਤ ਸਿੰਘ ਬੁਆਲ, ਐਡਵੋਕੇਟ ਗਗਨਦੀਪ ਥਾਪਰ, ਸੁਰਿੰਦਰ ਸਿੰਘ ਬਿੱਟੂ ਬੇਦੀ ਅਤੇ ਮਨਪ੍ਰਰੀਤ ਸਿੰਘ ਘੁਲਾਲ ਸ਼ਾਮਲ ਸਨ।