ਐੱਸਪੀ ਜੋਸ਼ੀ, ਲੁਧਿਆਣਾ : ਮਹਾਨਗਰ ਦੇ ਥਾਣਾ ਸਲੇਮ ਟਾਬਰੀ ਅਧੀਨ ਜੀਟੀ ਰੋਡ ਇਲਾਕੇ ਵਿਚ ਬਦਮਾਸ਼ਾਂ ਨੇ ਟਰੱਕ ਚਾਲਕ ਕੋਲੋਂ ਨਕਦੀ ਅਤੇ ਕਲੀਨਰ ਕੋਲੋਂ ਮੋਬਾਈਲ ਫੋਨ ਲੁੱਟ ਲਿਆ। ਮਾਮਲੇ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਲੇਮ ਟਾਬਰੀ ਪੁਲਿਸ ਨੇ ਟਰੱਕ ਚਾਲਕ ਰਵਿੰਦਰ ਸਿੰਘ ਦੇ ਬਿਆਨਾਂ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫਲੋਰ ਵਾਸੀ ਰਾਹੁਲ, ਪਿੰਡ ਗੰਨਾ ਦੇ ਰਹਿਣ ਵਾਲੇ ਧੀਰਾ ਅਤੇ ਫਿਲੌਰ ਦੇ ਹੀ ਰਹਿਣ ਵਾਲੇ ਚੇਤਨ ਖ਼ਿਲਾਫ਼ ਪਰਚਾ ਦਰਜ ਕਰ ਕੇ ਰਾਹੁਲ ਨਾਂ ਦੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਰਵਿੰਦਰ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਆਪਣੇ ਕਲੀਨਰ ਆਸ਼ੂ ਸ਼ਰਮਾ ਨਾਲ ਟਰੱਕ 'ਤੇ ਸਵਾਰ ਹੋ ਕੇ ਸ੍ਰੀਨਗਰ ਲਈ ਰਵਾਨਾ ਹੋਇਆ। ਇਸ ਦੌਰਾਨ ਹਾਰਡੀਜ਼ ਵਰਲਡ ਦੇ ਨਜ਼ਦੀਕ ਉਸ ਦਾ ਟਰੱਕ ਖ਼ਰਾਬ ਹੋ ਗਿਆ। ਰਵਿੰਦਰ ਮੁਤਾਬਕ ਟਰੱਕ ਖ਼ਰਾਬ ਹੋਣ ਕਾਰਨ ਉਸ ਨੇ ਜੀਟੀ ਰੋਡ ਦੇ ਕੰਢੇ ਖੜ੍ਹਾ ਕੀਤਾ ਹੋਇਆ ਸੀ। ਇਸ ਦੌਰਾਨ ਰਾਤ ਕਰੀਬ ਸਾਢੇ ਗਿਆਰਾਂ ਵਜੇ ਤਿੰਨ ਨੌਜਵਾਨ ਪੈਦਲ ਹੀ ਉਸ ਕੋਲ ਆਏ ਅਤੇ ਧਮਕਾ ਕੇ ਉਸ ਦੀ ਜੇਬ ਵਿਚ ਪਈ 15 ਹਜ਼ਾਰ ਰੁਪਏ ਨਕਦੀ ਲੁੱਟ ਲਈ। ਬਦਮਾਸ਼ਾਂ ਨੇ ਗੱਡੀ ਦੇ ਕਲੀਨਰ ਆਸ਼ੂ ਸ਼ਰਮਾ ਕੋਲੋਂ ਉਸ ਦਾ ਮੋਬਾਈਲ ਵੀ ਲੁੱਟਿਆ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਲੇਮ ਟਾਬਰੀ ਪੁਲਿਸ ਨੇ ਤਫਤੀਸ਼ ਅਮਲ ਵਿਚ ਲਿਆਂਦੀ ਅਤੇ ਵਾਰਦਾਤ ਅੰਜਾਮ ਦੇਣ ਵਾਲੇ ਤਿੰਨ ਬਦਮਾਸ਼ਾਂ ਵਿਚੋਂ ਇਕ ਰਾਹੁਲ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਆਸ ਹੈ ਕਿ ਬਾਕੀ ਮੁਲਜ਼ਮ ਵੀ ਜਲਦ ਹੀ ਦਬੋਚ ਲਏ ਜਾਣਗੇ।