ਰਘਵੀਰ ਸਿੰਘ ਜੱਗਾ, ਰਾਏਕੋਟ

ਪਿਛਲੇ ਸਮੇਂ ਤੋਂ ਸਥਾਨਕ ਸ਼ਹਿਰ ਵਿਚ ਲਗਾਤਾਰ ਝਪਟਮਾਰੀ ਦੀਆਂ ਵਾਰਦਾਤਾਂ ਘਟਣ ਦੀ ਥਾਂ ਦਿਨ ਬਦਿਨ ਵਾਧਾ ਹੋ ਰਿਹਾ ਹੈ। ਅੱਜ ਇਕ ਵਾਰ ਮੁੜ ਤੋਂ ਸਰਗਰਮੀ ਦਿਖਾਉਂਦੇ ਹੋਏ ਇਕ ਹੋਰ ਝਪਟਮਾਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਝਪਟਮਾਰੀ ਦਾ ਸ਼ਿਕਾਰ ਅੌਰਤ ਕਮਲਜੀਤ ਕੌਰ ਪਤਨੀ ਸੁਰਿੰਦਰ ਸਿੰਘ ਧਨੋਆ ਵਾਸੀ ਪਿੰਡ ਨੰਗਲ ਖੁਰਦ ਨੇ ਦੱਸਿਆ ਕਿ ਉਹ ਆਪਣੇ ਪਿੰਡੋਂ ਰਾਏਕੋਟ ਦੇ ਹਸਪਤਾਲ 'ਚੋ ਦਵਾਈ ਲੈਣ ਲਈ ਆਈ ਸੀ ਅਤੇ ਦਵਾਈ ਲੈਣ ਤੋਂ ਬਾਅਦ ਜਦੋਂ ਉਹ ਗੁਰਦੁਆਰਾ ਟਾਹਲੀਆਣਾ ਸਾਹਿਬ ਨੂੰ ਮੱਥਾ ਟੇਕਣ ਲਈ ਬੱਸ ਸਟੈਂਡ ਰਾਏਕੋਟ ਤੋਂ ਕੁਝ ਅੱਗੇ ਲੰਘੀ ਸੀ ਤਾਂ ਅਚਾਨਕ ਪਿੱਛੋਂ ਆਏ ਦੋ ਮੋਟਰਸਾਈਕਲ ਨੌਜਵਾਨਾਂ ਨੇ ਉਸ ਦੇ ਹੱਥ 'ਚ ਫੜਿ੍ਹਆ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪੀੜਤਾ ਕਮਲਜੀਤ ਕੌਰ ਨੇ ਦੱਸਿਆ ਕਿ ਬੈਗ ਵਿਚ ਪੰਜ ਸੌ ਰੁਪਏ ਨਕਦ, ਇਕ ਟੈਬਲੇਟ ਅਤੇ ਇਕ ਮੋਬਾਇਲ ਫੋਨ ਸੀ। ਪੀੜਤਾ ਵਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਝਪਟਮਾਰੀ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪ੍ੰਤੂ ਹੁਣ ਤੱਕ ਪੁਲਿਸ ਨੂੰ ਇੰਨ੍ਹਾਂ ਝਪਟਮਾਰੀ ਦੇ ਮਾਮਲਿਆਂ 'ਚ ਕੋਈ ਸਫ਼ਲਤਾ ਹੱਥ ਨਹੀਂ ਲੱਗੀ ਹੈ।