ਜੇਐੱਨਐੱਨ, ਲੁਧਿਆਣਾ : ਬਸਤੀ ਅਬਦੁੱਲਾਪੁਰ ਨਿਵਾਸੀ ਡਾਕਟਰ ਤੇ ਉਸ ਦਾ ਪਰਿਵਾਰ ਘਰ 'ਚ ਸੌਂ ਰਿਹਾ ਸੀ। ਉਸੇ ਦੌਰਾਨ ਘਰ 'ਚ ਵੜੇ ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਦਾ ਉਦੋਂ ਪਤਾ ਲੱਗਿਆ, ਜਦੋਂ ਅਗਲੀ ਸਵੇਰੇ ਡਾਕਟਰ ਤੇ ਉਸ ਦਾ ਪਰਿਵਾਰ ਸੌਂ ਕੇ ਉੱਿਠਆ।

ਸੂਚਨਾ ਮਿਲਣ 'ਤੇ ਪੁੱਜੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਬਿ੍ਰਜ ਲਾਲ ਨੇ ਦੱਸਿਆ ਕਿ ਉਕਤ ਕੇਸ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਾਕਟਰ ਹੈ ਤੇ ਕੂਮਕਲਾਂ ਮੁੱਢਲੇ ਸਿਹਤ ਕੇਂਦਰ 'ਚ ਤਾਇਨਾਤ ਹੈ। ਉਸ ਦੇ ਘਰ ਦੇ ਹੇਠਲੇ ਹਿੱਸੇ 'ਚ ਉਹਦੇ ਮਾਤਾ-ਪਿਤਾ ਤੇ ਇਕ ਕਿਰਾਏਦਾਰ ਪਰਿਵਾਰ ਰਹਿੰਦਾ ਹੈ। ਜਦਕਿ ਉੱਪਰ ਵਾਲੇ ਹਿੱਸੇ 'ਚ ਉਹ ਆਪਣੀ ਪਤਨੀ ਨਾਲ ਰਹਿੰਦਾ ਹੈ। ਪਿਛਲੀ 30 ਦਸੰਬਰ ਦੀ ਰਾਤ ਨੂੰ ਉਹ ਖਾਣਾ ਖਾਣ ਤੋਂ ਬਾਅਦ ਸੌਂ ਗਏ। ਰਾਤ ਕਿਸੇ ਵੇਲੇ ਘਰ 'ਚ ਵੜੇ ਚੋਰਾਂ ਨੇ ਨੇੜਲੇ ਕਮਰੇ 'ਚ ਚੋਰੀ ਕੀਤੀ। ਸਵੇਰੇ ਉੱਠ ਕੇ ਦੇਖਿਆ ਤਾਂ ਅਲ੍ਹਮਾਰੀ 'ਚ ਪਿਆ ਸਾਮਾਨ ਖਿੱਲਰਿਆ ਹੋਇਆ ਸੀ। ਸੋਨੇ ਦਾ ਸੈੱਟ, ਤਿੰਨ ਟਾਪਸ ਸੈੱਟ, ਚਾਰ ਅੰਗੂਠੀਆਂ, ਸੋਨੇ ਦੀ ਚੇਨ ਅਤੇ 40 ਹਜ਼ਾਰ ਦੀ ਨਕਦੀ ਗਾਇਬ ਸੀ। ਬਿ੍ਰਜ ਲਾਲ ਨੇ ਦੱਸਿਆ ਕਿ ਡਾਕਟਰ ਨੇ ਆਪਣੇ ਬਿਆਨ 'ਤੇ ਕਈ ਲੋਕਾਂ 'ਤੇ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।