v> ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਖਾਂਸੀ ਅਤੇ ਬੁਖਾਰ ਦੇ ਚੱਲਦੇ ਸਿਵਲ ਹਸਪਤਾਲ ਵਿੱਚ ਜਾਂਚ ਲਈ ਲਿਆਂਦੇ ਗਏ ਦੋ ਹਵਾਲਾਤੀਆਂ ਚੋਂ ਇੱਕ ਏਐੱਸਆਈ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਏਐਸਆਈ ਗੁਰਮੀਤ ਸਿੰਘ ਦੇ ਬਿਆਨਾਂ ਉੱਪਰ ਝਾਬੇਵਾਲ ਦੇ ਵਾਸੀ ਨਵਜੋਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਏ ਐੱਸ ਆਈ ਸੇਵਾ ਸਿੰਘ ਨੇ ਦੱਸਿਆ ਕਿ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਝਪਟਮਾਰੀ ਦੇ ਮਾਮਲੇ ਵਿਚ ਮੁਲਜ਼ਮ ਸੌਰਵ ਸਹਿਗਲ ਅਤੇ ਨਵਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ।ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ । ਜੇਲ੍ਹ ਦੇ ਡਾਕਟਰ ਨੇ ਦੇਖਿਆ ਕਿ ਗਣੇਸ਼ ਨਗਰ ਜਨਕਪੁਰੀ ਦੇ ਵਾਸੀ ਸੌਰਵ ਸਹਿਗਲ ਨੂੰ ਤੇਜ਼ ਬੁਖਾਰ ਅਤੇ ਖਾਂਸੀ ਹੋ ਰਹੀ ਸੀ । ਡਾਕਟਰ ਨੇ ਸੌਰਵ ਸਹਿਗਲ ਅਤੇ ਉਸਦੇ ਨਾਲ ਆਏ ਨਵਜੋਤ ਸਿੰਘ ਨੂੰ ਚੈੱਕ ਅੱਪ ਕਰਾਉਣ ਲਈ ਸਿਵਲ ਹਸਪਤਾਲ ਰੈਫਰ ਕੀਤਾ । ਚੈੱਕਅਪ ਕਰਵਾਉਣ ਤੋਂ ਬਾਅਦ ਏਐੱਸਆਈ ਗੁਰਮੀਤ ਸਿੰਘ ਕਰੋਨਾ ਵਾਰਡ ਦੇ ਬਾਹਰ ਮੁਲਜ਼ਮ ਸੌਰਵ ਨੂੰ ਹੱਥ ਕੜੀ ਲਗਾਉਣ ਲੱਗ ਪਿਆ । ਇਸੇ ਦੌਰਾਨ ਮੌਕਾ ਮਿਲਦੇ ਹੀ ਨਵਜੋਤ ਸਿੰਘ ਨੇ ਏਐੱਸਆਈ ਗੁਰਮੀਤ ਸਿੰਘ ਨੂੰ ਧੱਕਾ ਮਾਰਿਆ ਤੇ ਹਸਪਤਾਲ ਚੋਂ ਫਰਾਰ ਹੋ ਗਿਆ । ਗੁਰਮੀਤ ਸਿੰਘ ਨੇ ਰੌਲਾ ਪਾਇਆ ਪਰ ਹਸਪਤਾਲ ਭੀੜ ਨਾ ਹੋਣ ਕਾਰਨ ਮੁਲਜ਼ਮ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਗਿਆ । ਸਿਵਲ ਹਸਪਤਾਲ ਦੀ ਚੌਕੀ ਨੇ ਵੀ ਮੁਲਜ਼ਮ ਨੂੰ ਤਲਾਸ਼ਣ ਦਾ ਯਤਨ ਕੀਤਾ ਪਰ ਉਸ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਦੋ ਦੇ ਏਐਸਆਈ ਸੇਵਾ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਨਵਜੋਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Posted By: Tejinder Thind