ਕੁਲਵਿੰਦਰ ਸਿੰਘ ਰਾਏ, ਖੰਨਾ : ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ) ਪੰਜਾਬ ਵੱਲੋਂ ਸਾਲਾਨਾ ਪੇਪਰਾਂ 'ਚ ਮਾਰਕਿੰਗ ਕਰਨ ਸਮੇਂ ਵਰਤੀ ਅਣਗਹਿਲੀ ਕਾਰਨ ਜ਼ਿਲ੍ਹਾ ਲੁਧਿਆਣਾ ਦੇ 13 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਅਧਿਆਪਕਾਂ ਦੀ ਇਸ ਸੂਚੀ 'ਚ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵੀ 4 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬਤਲਬੀ ਮੰਗੀ ਗਈ ਹੈ।

ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ) ਪੰਜਾਬ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਜਿਨ੍ਹਾਂ 13 ਅਧਿਆਪਕਾਂ ਨੂੰ ਨੋਟਿਸ ਜਾਰੀ ਹੋਇਆ ਹੈ, ਉਨ੍ਹਾਂ 'ਚੋ ਇਕੱਲੇ ਸਰਕਾਰੀ ਕੰਨਿਆ ਸਕੂਲ ਖੰਨਾ ਦੇ 4 ਅਧਿਆਪਕ ਸ਼ਾਮਲ ਹਨ। ਇਨ੍ਹਾਂ ਅਧਿਆਪਕਾਂ ਨੂੰ 10ਵੀਂ ਤੇ 12ਵੀਂ ਜਮਾਤ ਦੇ ਮਾਰਚ 2018 ਦੇ ਸਾਲਾਨਾ ਪੇਪਰਾਂ ਨੂੰ ਚੈੱਕ ਕਰਨ ਸਮੇਂ ਅਣਗਹਿਲੀ ਵਰਤੇ ਜਾਣ ਕਾਰਨ ਪੰਜਾਬ ਸਿਵਲ ਸਰਵਿਸ ਰੂਲ 1970 ਦੀ ਧਾਰਾ 10 ਅਧੀਨ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਇਕ ਹਫ਼ਤੇ 'ਚ ਜਵਾਬ ਤਲਬੀ ਮੰਗੀ ਗਈ ਹੈ।

ਜਾਰੀ ਨੋਟਿਸ 'ਚ ਕਿਰਨਜੀਤ ਕੌਰ ਹਿੰਦੀ ਦੀ ਅਧਿਆਪਕਾ ਪਾਇਲ, ਬਲਵਿੰਦਰ ਸਿੰਘ ਸ.ਸ ਮਾਸਟਰ ਸਰਕਾਰੀ ਕੰਨਿਆ ਸਕੂਲ ਖੰਨਾ, ਲਖਵੀਰ ਸਿੰਘ ਡੀਪੀਈ ਸਰਕਾਰੀ ਕੰਨਿਆ ਸਕੂਲ ਖੰਨਾ, ਵਿਜੇ ਕੁਮਾਰੀ ਸ.ਸ ਅਧਿਆਪਕਾ ਸਰਕਾਰੀ ਕੰਨਿਆ ਸਕੂਲ ਖੰਨਾ, ਅਮਨਦੀਪ ਕੌਰ ਹਿਸਾਬ ਦੀ ਅਧਿਆਪਕਾ ਸਰਕਾਰੀ ਸਕੂਲ ਰਾਏਕੋਟ, ਅੰਗਰੇਜ਼ੀ ਦੀ ਅਧਿਆਪਕਾ ਪੂਨਮ ਸਰਕਾਰੀ ਸਕੂਲ ਲਧਿਆਣਾ, ਜਸਪਾਲ ਕੌਰ ਹਿੰਦੀ ਦੀ ਅਧਿਆਪਕਾ ਰਾਏਕੋਟ, ਅਮਨਦੀਪ ਕੌਰ ਸਰਕਾਰੀ ਸਕੂਲ ਉਟਾਲਾਂ, ਸੁਖਵੀਰ ਸਿੰਘ ਸਾਇੰਸ ਮਾਸਟਰ ਸਰਕਾਰੀ ਕੰਨਿਆ ਸਕੂਲ ਖੰਨਾ, ਵਰਿੰਦਰ ਕੁਮਾਰ ਸਾਇੰਸ ਮਾਸਟਰ ਜਵਾਹਰ ਨਗਰ ਲੁਧਿਆਣਾ, ਜਸਵੀਰ ਕੌਰ ਸ.ਸ ਅਧਿਆਪਕਾ ਰਾਏਕੋਟ, ਗੁਰਪ੫ੀਤ ਕੌਰ ਸ.ਸ ਅਧਿਆਪਕਾ ਲੁਧਿਆਣਾ ਤੇ ਕੁਲਭੂਸ਼ਨ ਸ.ਸ ਮਾਸਟਰ ਸਰਕਾਰੀ ਸਕੂਲ ਉਟਾਲਾਂ ਅਧਿਆਪਕਾਂ ਦੇ ਨਾਂਅ ਸ਼ਾਮਲ ਹਨ।