v> ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਸਥਾਨਕ ਅਨਾਜ਼ ਮੰਡੀ 'ਚ ਇਕ ਆੜ੍ਹਤੀਏ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਿਕ ਨਿਰੰਜਨ ਸਿੰਘ (50) ਪੁੱਤਰ ਓਮ ਪ੍ਰਕਾਸ਼ ਵਾਸੀ ਮੰਡੀ ਬਰੀਵਾਲਾ ਦੀ ਅਨਾਜ਼ ਮੰਡੀ ਦੇ ਨੇੜੇ ਹੀ ਆੜ੍ਹਤ ਦੀ ਦੁਕਾਨ ਹੈ। ਉਹ ਸਵੇਰੇ ਆਪਣੀ ਆੜ੍ਹਤ ਦੀ ਦੁਕਾਨ 'ਤੇ ਆਇਆ ਤੇ ਦੁਕਾਨ ਅੰਦਰ ਬਣੇ ਕਮਰੇ 'ਚ ਬੈਠਾ ਸੀ ਕਿ ਕਰੀਬ 11 ਵਜੇ ਉਸ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਨੇੜੇ ਦੇ ਲੋਕ ਉੱਥੇ ਪੁੱਜੇ, ਜਿਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਐਸਪੀ 'ਐਚ' ਗੁਰਮੇਲ ਸਿੰਘ, ਡੀਐਸਪੀ ਤਲਵਿੰਦਰਜੀਤ ਸਿੰਘ, ਐੱਸਐੱਚਓ ਪ੍ਰੇਮ ਨਾਥ ਥਾਣਾ ਬਰੀਵਾਲਾ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ, ਜਿਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ। ਸੂਤਰਾਂ ਮੁਤਾਬਿਕ ਉਕਤ ਆੜ੍ਹਤੀਆ ਪੈਸਿਆ ਦੇ ਲੈਣ-ਦੇਣ ਤੋਂ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਦੋ ਬੇਟੇ ਤੇ ਇਕ ਬੇਟੀ ਹੈ।

Posted By: Amita Verma