ਕੁਲਵਿੰਦਰ ਸਿੰਘ ਰਾਏ, ਖੰਨਾ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਫੈਲਣ ਕਾਰਨ 46 ਦਿਨਾਂ ਦੇ ਕਰਿਫ਼ਊ/ਲਾਕਡਾਊਨ ਨੇ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦਾ ਲੱਕ ਤੋੜ ਦਿੱਤਾ ਹੈ। ਇਸ ਤੋਂ ਪਰੇਸ਼ਾਨ ਦੁਕਾਨਦਾਰ ਹੁਣ ਦੁਕਾਨਾਂ ਖੋਲ੍ਹਣ ਲਈ ਬੇਤਾਬ ਹਨ। ਉਹ ਕਈ ਦਿਨਾਂ ਤੋਂ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ, ਜਿਸ ਤਹਿਤ ਮੰਗਲਵਾਰ ਨੂੰ ਸ਼ਹਿਰ ਦੇ ਮੇਨ ਬਾਜ਼ਾਰ, ਸੁਭਾਸ਼ ਬਾਜ਼ਾਰ ਤੇ ਹੋਰ ਬਜ਼ਾਰਾਂ ਦੇ ਦੁਕਾਨਦਾਰਾਂ ਨੇ ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਦੀ ਅਗਵਾਈ 'ਚ ਐੱਸਡੀਐੱਮ ਖੰਨਾ ਸੰਦੀਪ ਸਿੰਘ ਨੂੰ ਮਿਲੇ। ਉਨ੍ਹਾਂ ਨੇ ਨਿਯਮਾਂ ਦੇ ਦਾਇਰੇ 'ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।

ਐੱਸਡੀਐੱਮ ਦੇ ਆਦੇਸ਼ 'ਤੇ ਦੁਕਾਨਦਾਰਾਂ ਵੱਲੋਂ ਇਕ 2 ਸੂਤਰੀ ਪਲਾਨ ਤਹਿਤ ਦੁਕਾਨਾਂ ਖੋਲ੍ਹਣ ਸਬੰਧੀ ਸੁਝਾਅ ਵੀ ਪ੍ਰਸ਼ਾਸਨ ਨੂੰ ਦਿੱਤਾ ਗਿਆ। ਇਸ 'ਚ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰਾਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਵੱਖ-ਵੱਖ ਦਿਨ ਵੱਖ-ਵੱਖ ਵਪਾਰ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਹੈ।

ਮਹਿਤਾ ਨੇ ਵੀ ਐੱਸਡੀਐੱਮ ਨੂੰ ਅਪੀਲ ਦੀ ਕੀਤੀ ਕਿ ਛੋਟੇ ਦੁਕਾਨਦਾਰ ਵੀ ਆਰਥਿਕ ਤੰਗੀ ਦੇ ਦੌਰ ਤੋਂ ਲੰਘ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਨਿਯਮਾਂ ਦੇ ਦਾਇਰੇ 'ਚ ਰਹਿ ਕੇ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ, ਤਾਂ ਕਿ ਉਹ ਆਪਣੇ ਤੇ ਆਪਣੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ।

ਐੱਸਡੀਐੱਮ ਸੰਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਰੈੱਡ ਜੋਨ 'ਚ ਹੋਣ ਕਰਕੇ ਇਹ ਸੁਝਾਅ ਉਹ ਡੀਸੀ ਲੁਧਿਆਣਾ ਦੇ ਕੋਲ ਲੈ ਕੇ ਜਾਣਗੇ, ਜੇਕਰ ਉਨ੍ਹਾਂ ਵਲੋਂ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਕੋਈ ਆਦੇਸ਼ ਆਵੇਗਾ ਤਾਂ ਹੀ ਦੁਕਾਨਾਂ ਨੂੰ ਖੋਲ੍ਹਣ ਦਿੱਤਾ ਜਾਵੇਗਾ। ਇਸ ਮੌਕੇ ਰੈਡੀਮੇਡ ਐੱਸੋਸੀਏਸ਼ਨ, ਕਲਾਥ ਮਰਚੈਂਟ ਐੱਸੋਸੀਏਸ਼ਨ, ਸਮਰਾਲਾ ਰੋਡ ਦੁਕਾਨਦਾਰ ਐੱਸੋਸੀਏਸ਼ਨ, ਬੁੱਕਸ ਮਾਰਕੀਟ ਤੇ ਕਾਸਮੈਟਿਕ ਐੱਸੋਸੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ।

-ਓਡ-ਇਵਨ ਤਹਿਤ ਖੁੱਲ੍ਹ ਸਕਦਾ ਹੈ ਕਿਤਾਬ ਬਾਜ਼ਾਰ

ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਤਾਬਾਂ ਦੀਆਂ ਦੁਕਾਨਾਂ ਨੂੰ ਖੁੱਲ੍ਹਣ ਦੀ ਮਨਜ਼ੂਰੀ ਦੇਣ ਦੇ ਬਾਅਦ ਖੰਨਾ ਦੇ ਕਿਤਾਬ ਬਜ਼ਾਰ ਨੂੰ ਓਡ-ਇਵਨ ਨਿਯਮ ਦੇ ਤਹਿਤ ਖੋਲਿ੍ਹਆ ਜਾ ਸਕਦਾ ਹੈ। ਇਸਦੇ ਤਹਿਤ ਖੰਨਾ ਦੀ ਬੱੁਕਸ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰਾਂ 'ਤੇ ਨੰਬਰਾਂ ਦੀ ਮਾਰਕਿੰਗ ਵੀ ਕਰ ਦਿੱਤੀ ਹੈ। ਐੱਸਡੀਐੱਮ ਸੰਦੀਪ ਸਿੰਘ ਨੇ ਕਿਹਾ ਕਿ ਫਿਲਹਾਲ ਇਸ 'ਤੇ ਵੀ ਕੋਈ ਅੰਤਿਮ ਫੈਂਸਲਾ ਨਹੀਂ ਹੋਇਆ ਹੈ। ਡੀਸੀ ਪ੍ਰਦੀਪ ਅਗਰਵਾਲ ਦੇ ਆਦੇਸ਼ 'ਤੇ ਹੀ ਕਿਤਾਬ ਬਜ਼ਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ