ਅਜੀਤ ਸਿੰਘ ਅਖਾੜਾ, ਜਗਰਾਓਂ : ਕਰੀਬ ਢਾਈ ਦਹਾਕੇ ਪਹਿਲਾਂ ਵਾਪਰੇ ਕਿਰਨਜੀਤ ਕਾਂਡ ਦੀ 23ਵੀਂ ਬਰਸੀ 'ਤੇ ਕੋਰੋਨਾ ਮਹਾਮਾਰੀ ਕਾਰਨ ਇੱਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ਤੇ ਪਿੰਡ ਗਾਲਿਬ ਕਲਾਂ 'ਚ ਛੋਟੇ ਸਮਾਗਮ ਕਰਕੇ ਮਨਾਇਆ। ਇਸ ਮੌਕੇ ਹਾਜ਼ਰ ਕਿਸਾਨਾਂ, ਮਜ਼ਦੂਰ ਅਤੇ ਹੋਰ ਲੋਕਾਂ ਵੱਲੋਂ ਕਿਰਨਜੀਤ ਕੌਰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਨ੍ਹਾਂ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਮਦਨ ਸਿੰਘ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਚਹਿਲ ਨੇ ਅਜੌਕੇ ਸਮਾਜ ਅੰਦਰ ਅੌਰਤਾਂ ਦੇ ਹਾਲਾਤ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਤੇ ਕਿਹਾ ਕਿ 73 ਸਾਲਾਂ 'ਚ ਸਾਡੇ ਦੇਸ਼ 'ਚ ਅੌਰਤ ਪ੍ਰਤੀ ਵਿਤਕਰੇ ਭਰਪੂਰ ਮਾਨਸਿਕਤਾ ਸਥਾਪਤ ਪਿੱਤਰੀ ਸੱਤਾ ਦੀ ਦੇਣ ਹੈ। ਉਨ੍ਹਾਂ ਅੌਰਤਾਂ ਪ੍ਰਤੀ ਸਮਾਜਿਕ ਦਾਬੇ ਲਈ ਮੌਜੂਦਾ ਆਰਥਿਕ, ਸਿਆਸੀ ਪ੍ਰਬੰਧ ਨੂੰ ਦੋਸ਼ੀ ਕਰਾਰ ਦਿੰਦਿਆਂ ਇਨ੍ਹਾਂ ਨੂੰ ਸਾਂਝੀਵਾਲਤਾ ਵਾਲੇ ਸਮਾਜ 'ਚ ਬਦਲਣ ਤੇ ਕਾਣੀ ਵੰਡ ਖ਼ਤਮ ਕਰਨ ਵੱਲ ਵਧਣ ਲਈ ਇਨਕਲਾਬੀ ਲਹਿਰ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਕਿਰਨਜੀਤ ਕੌਰ ਦੀ ਬਰਸੀ ਨੂੰ ਸਮਰਪਿਤ ਪਿੰਡ ਸਵੱਦੀ ਖੁਰਦ, ਮਲਸੀਂਹਾ, ਕਮਾਲਪੁਰਾ, ਬਿੰਜਲ, ਮੁੱਲਾਂਪੁਰ, ਹਠੂਰ, ਦੇਹੜਕਾ, ਸੂਜਾਪੁਰ, ਬੱਸੀਆਂ, ਧੂੜਕੋਟ, ਭੁਮਾਲ ਅਦਿ ਪਿੰਡਾਂ 'ਚ ਸਮਾਗਮ ਕਰਵਾਏ। ਇਸ ਮੌਕੇ ਕਿਸਾਨ ਆਗੂ ਹਰਦੀਪ ਸਿੰਘ ਗਾਲਿਬ, ਪਰਵਾਰ ਸਿੰਘ ਗਾਲਿਬ, ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਮਹਿੰਦਰ ਸਿੰਘ ਕਮਾਲਪੁਰਾ, ਜਸਵਿੰਦਰ ਸਿੰਘ ਭੁਮਾਲ, ਜਗਤਾਰ ਸਿੰਘ ਬਿੰਜਲ, ਸਰਬਜੀਤ ਸਿੰਘ ਸੁਧਾਰ ਆਦਿ ਹਾਜ਼ਰ ਸਨ।