ਸਟਾਫ਼ ਰਿਪੋਰਟਰ, ਖੰਨਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ 'ਤੇ ਵਾਰ ਕੀਤਾ ਹੈ। ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਨੂੰ ਲੈ ਕੇ ਮਚੀ ਉੱਥਲ-ਪੁੱਥਲ 'ਤੇ ਦੂਲੋਂ ਨੇ ਵੱਡੀ ਗੱਲ ਕਹਿ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਂਡ ਨਾਲ ਪੰਜਾਬ 'ਚ ਅਕਾਲੀ ਦਲ ਦੀ ਦੁਰਦਸ਼ਾ ਹੋ ਗਈ ਸੀ। ਹੁਣ ਆਉਣ ਵਾਲੇ ਸਮੇਂ 'ਚ ਇਹੀ ਹਾਲ ਸਾਡੀ ਪਾਰਟੀ ਦਾ ਵੀ ਹੋ ਸਕਦਾ ਹੈ।

ਦੂਲੋਂ ਨੇ ਕਿਹਾ ਕਿ ਬੇਅਦਬੀ ਨੂੰ ਪਿਛਲੀਆਂ ਚੋਣਾਂ 'ਚ ਮੁੱਦਾ ਬਣਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਕਿਸ ਤਰ੍ਹਾਂ ਵੋਟ ਮੰਗਣ ਲੋਕਾਂ ਦੇ ਕੋਲ ਜਾਣਗੇ? ਦੂਲੋਂ ਅਨੁਸਾਰ ਨਸ਼ਿਆਂ ਨੂੰ ਖਤਮ ਕਰਨ ਲਈ ਵੀ ਕੈਪਟਨ ਨੇ ਸਹੁੰ ਖਾਧੀ ਸੀ ਪਰ ਨਸ਼ਾ ਖਤਮ ਨਹੀਂ ਹੋਇਆ। ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਵਾ ਚਾਰ ਸਾਲ 'ਚ ਕੋਈ ਵੱਡੀ ਕਾਰਵਾਈ ਨਹੀਂ ਹੋਈ। ਇਸ ਦਾ ਖਮਿਆਜ਼ਾ ਤਾਂ ਭੁਗਤਣਾ ਹੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹਾਈ ਕੋਰਟ ਦੇ ਫ਼ੈਸਲੇ 'ਤੇ ਟਿੱਪਣੀ ਨਹੀਂ ਕਰਦੇ ਪਰ ਸਰਕਾਰ ਨੂੰ ਗੰਭੀਰਤਾ ਨਾਲ ਕੇਸ ਲੜਨਾ ਚਾਹੀਦਾ ਸੀ। ਸਰਕਾਰ ਨੇ ਹੁਣ ਤਕ ਕਿਸੇ ਮੁਲਜ਼ਮ 'ਤੇ ਕਾਰਵਾਈ ਕਿਉਂ ਨਹੀਂ ਕੀਤੀ?

ਨਕਲੀ ਸ਼ਰਾਬ ਦੇ ਮੁੱਦੇ 'ਤੇ ਦੂਲੋਂ ਨੇ ਕਿਹਾ ਕਿ 9 ਨਕਲੀ ਫੈਕਟਰੀਆਂ ਫੜੀਆਂ ਗਈਆਂ। ਇਨ੍ਹਾਂ 'ਚੋਂ 5 ਕੇਵਲ ਸੀਐੱਮ ਦੇ ਜ਼ਿਲ੍ਹੇ ਪਟਿਆਲਾ ਦੀਆਂ ਹਨ। ਨਕਲੀ ਸ਼ਰਾਬ ਪੀਣ ਨਾਲ 134 ਲੋਕਾਂ ਦੀ ਜਾਨ ਗਈ। ਇਨ੍ਹਾਂ 'ਚੋਂ ਜ਼ਿਆਦਾਤਰ ਐੱਸਸੀ ਤੇ ਗਰੀਬ ਕਿਸਾਨ ਸਨ। ਇਸ ਮਾਮਲੇ 'ਚ ਕੋਈ ਵੱਡਾ ਮੁਲਜ਼ਮ ਨਹੀਂ ਫੜਿਆ ਗਿਆ। ਕੈਪਟਨ ਵੱਲੋਂ ਚਾਰ ਸਾਲਾਂ 'ਚ 85 ਫੀਸਦੀ ਵਾਅਦੇ ਪੂਰੇ ਕਰਨ ਦੇ ਦਾਅਵੇ 'ਤੇ ਦੂਲੋਂ ਬੋਲੇ ਕਿ ਕੋਈ ਵਾਅਦਾ ਪੂਰਾ ਨਹੀਂ ਹੋਇਆ।

ਇਸ 'ਤੇ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ। ਸੂਬੇ 'ਚ ਨਕਲੀ ਸ਼ਰਾਬ ਤੇ ਨਸ਼ੇ ਦਾ ਕੰਮ-ਕਾਜ ਚਰਮ ਸੀਮਾ 'ਤੇ ਹੈ। ਬੇਰੋਜ਼ਗਾਰੀ ਬਹੁਤ ਹੈ ਤੇ ਬੇਰੁਜ਼ਗਾਰਾਂ 'ਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ। ਕਰਜ਼ਾ ਮਾਫ ਨਹੀਂ ਹੋਇਆ, ਗਰੀਬ ਐੱਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ 'ਚ ਘਪਲਾ ਹੋਇਆ, 10 ਲੱਖ ਬੱਚਿਆਂ ਦਾ ਭਵਿੱਖ ਖ਼ਰਾਬ ਕਰ ਦਿੱਤਾ ਗਿਆ। ਹਾਲਾਤ ਇਹੀ ਰਹੇ ਤਾਂ ਪੰਜਾਬ ਦੇ ਲੋਕ ਅਕਾਲੀ ਦਲ ਦੀ ਤਰ੍ਹਾਂ ਕਾਂਗਰਸ ਨੂੰ ਵੀ ਜਵਾਬ ਦੇ ਦੇਣਗੇ।