ਕੁਲਵਿੰਦਰ ਸਿੰਘ ਰਾਏ, ਖੰਨਾ : ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਉਨ੍ਹਾਂ ਦੇ ਘਰ ਦਾ ਯੂਥ ਕਾਂਗਰਸ ਵੱਲੋਂ ਘਿਰਾਓ ਕਰਨ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਸੰਕਟ ਹੋਰ ਗਹਿਰਾ ਹੁੰਦਾ ਦਿਖਾਈ ਦੇ ਰਿਹਾ ਹੈ। ਦੂਲੋਂ ਨੇ ਕਿਹਾ ਕਿ ਪੰਜਾਬ ਕੈਬਨਿਟ 'ਚ ਅੱਧੇ ਮੰਤਰੀ ਤਾਂ ਸਮੱਗਲਰਾਂ ਨਾਲ ਮਿਲੇ ਹੋਏ ਹਨ, ਜਿਸ ਕਰਕੇ ਹੀ ਉਹ ਉਨ੍ਹਾਂ ਦੇ ਖ਼ਿਲਾਫ਼ ਬੋਲਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਕਿਧਰੇ ਸੀਬੀਆਈ ਦੀ ਜਾਂਚ ਹੋ ਗਈ ਤਾਂ ਉਹ ਫਸ ਜਾਣਗੇ।

ਦੂਲੋਂ ਨੇ ਕਿਹਾ ਕਿ ਪ੍ਰਧਾਨ ਸੁਨੀਲ ਜਾਖੜ ਜਿਹੜੀਆਂ ਚਿੱਠੀਆਂ ਸਾਡੇ ਖ਼ਿਲਾਫ਼ ਲਿਖਦੇ ਹਨ, ਉਹ ਚਿੱਠੀਆਂ ਕਾਂਗਰਸ 'ਚ ਬੈਠੇ ਸਮੱਗਲਰਾਂ ਖ਼ਿਲਾਫ਼ ਲਿਖਦਾ। ਸੁਨੀਲ ਦੀ ਕਾਰਗੁਜ਼ਾਰੀ ਤੋਂ ਪਤਾ ਲੱਗਦਾ ਹੈ ਕਿ ਉਹ ਖ਼ੁਦ ਸਮੱਗਲਰਾਂ ਨਾਲ ਮਿਲੇ ਹੋਏ ਹਨ, ਜਿਸ ਕਰਕੇ ਹੀ ਉਹ ਆਪਣਾ ਧਰਮ ਨਹੀਂ ਨਿਭਾ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨੁਕਸਾਨ ਤਾਂ ਹੋ ਗਿਆ ਕਿਉਂਕਿ ਕੈਬਨਿਟ ਤੇ ਜ਼ਿਆਦਾਤਰ ਵਿਧਾਇਕ ਦੂਜੀਆਂ ਪਾਰਟੀਆਂ 'ਚੋਂ ਆਏ ਹੋਏ ਲੋਕ ਹਨ। ਕਾਂਗਰਸ 'ਚ 5-7 ਕਾਕੇ ਰਹਿ ਗਏ ਹਨ, ਜਿਨ੍ਹਾਂ ਨੂੰ ਕਾਂਗਰਸ ਵਿਰਾਸਤ 'ਚ ਮਿਲੀ ਹੈ ਤੇ ਉਹ ਵਜ਼ੀਰੀਆਂ ਦਾ ਆਨੰਦ ਮਾਣ ਰਹੇ ਹਨ।ਜਾਖੜ ਦੀ ਵੀ ਜ਼ਮੀਨੀ ਪੱਧਰ 'ਤੇ ਕਾਂਗਰਸ ਨੂੰ ਕੋਈ ਦੇਣ ਨਹੀਂ ਹੈ।

ਦੂਲੋਂ ਨੇ ਕਿਹਾ ਕਿ ਉਹ ਇਸ ਸਬੰਧੀ ਸੋਨੀਆ ਗਾਂਧੀ ਤੋਂ ਸਮਾਂ ਲੈ ਕੇ ਗੱਲ ਕਰਨਗੇ, ਜੇ ਉਹ ਕਹਿਣਗੇ ਕਿ ਕਾਂਗਰਸ ਨੇ ਸਮੱਗਲਰਾਂ ਦੀ ਮੱਦਦ ਕਰਨੀ ਹੈ ਤਾਂ ਉਹ ਅਸਤੀਫ਼ਾ ਦੇ ਦੇਣਗੇ ਪਰ ਸਮੱਗਲਰਾਂ ਖ਼ਿਲਾਫ਼ ਬੋਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕੈਪਟਨ ਮੁੱਖ ਮੰਤਰੀ ਨਹੀਂ ਸਗੋਂ ਡਿਕਟੇਟਰ (ਤਾਨਾਸ਼ਾਹ) ਹੈ, ਜੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਗੁਰੂਆਂ ਤੋਂ ਵੀ ਮੁੱਕਰ ਗਿਆ। ਕਾਂਗਰਸ ਦੀ ਸਾਰੀ ਸਰਕਾਰ ਹੀ ਸ਼ਰਾਬ ਨਾਲ ਹੋਏ ਕਤਲਾਂ ਲਈ ਗੁਨਾਹਗਾਰ ਹੈ। ਇਸ ਮੌਕੇ ਸ਼ਸ਼ੀ ਵਰਧਨ, ਅਸ਼ੋਕ ਜਿੰਦਲ, ਸਾਬਕਾ ਕੌਂਸਲਰ ਪਾਲ ਸਿੰਘ, ਦਲਜੀਤ ਪਨੇਸਰ ਆਦਿ ਹਾਜ਼ਰ ਸਨ।