ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ :

ਰੋਪੜ ਰੋਡ 'ਤੇ ਪੈਂਦੇ ਇਤਿਹਾਸਕ ਪੁਰਾਤਨ ਸ਼ਿਵ ਮੰਦਰ ਤੇ ਸ਼ਮਸ਼ਾਨ ਘਾਟ ਅੱਗੇ ਟੁੱਟੀ ਹੋਈ ਸੜਕ ਦੇ ਟੋਇਆਂ 'ਚ ਭਰੇ ਬਰਸਾਤੀ ਪਾਣੀ ਦੇ ਕਾਰਨ ਨਰਕ ਦਾ ਰੂਪ ਧਾਰਦਾ ਜਾ ਰਿਹਾ ਹੈ। ਨੰਬਰਦਾਰ ਹਰਮਿੰਦਰ ਸਿੰਘ ਗਿੱਲ, ਮਨਜੀਤ ਸਿੰਘ ਮੱਕੜ, ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋਂ, ਬਸਪਾ ਆਗੂ ਬਲਦੇਵ ਸਿੰਘ ਮੰਡ, ਕਾ. ਦਰਸ਼ਨ ਸਿੰਘ ਮਿੱਠੂ, ਸੁਰਿੰਦਰ ਸਿੰਘ ਦਸ਼ਮੇਸ਼ ਜਨਰਲ ਸਟੋਰ, ਅਮਨਦੀਪ ਖੁਰਾਣਾ, ਚਰਨਜੀਤ ਸਿੰਘ ਚੰਨੀ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਮਾਛੀਵਾੜਾ ਤੋਂ ਬੇਟ ਇਲਾਕੇ 'ਚੋਂ ਹੋ ਕੇ ਰੋਪੜ ਤਕ ਜਾਂਦੀ ਸੜਕ ਦਾ ਇਸ ਕਦਰ ਮਾੜਾ ਹਾਲ ਹੋ ਚੁੱਕਿਆ ਹੈ ਕਿ ਹੁਣ ਟੋਇਆਂ 'ਚੋਂ ਵੀ ਸੜਕ ਲੱਭਣੀ ਅੌਖੀ ਦਿਖਾਈ ਦੇ ਰਹੀ ਹੈ। ਭਾਵੇਂ ਇਸ ਸੜਕ 'ਤੇ ਜਿੱਥੇ ਕਈ ਪਿੰਡ ਤੇ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਵਾਲੇ ਸਕੂਲ ਖੁੱਲ੍ਹੇ ਹੋਏ ਹਨ, ਉਥੇ ਮਾਛੀਵਾੜਾ ਸ਼ਹਿਰ ਦੇ ਬਾਹਰਲੇ ਪਾਸੇ ਬੁੱਢਾ ਦਰਿਆ ਦੇ ਨੇੜੇ ਇਕ ਪੁਰਾਤਨ ਤੇ ਇਤਿਹਾਸਕ ਸ਼ਿਵ ਮੰਦਰ ਸਸ਼ੋਭਿਤ ਹੈ, ਜਿਸ ਨੂੰ ਕਿ ਢਾਈ ਪੌੜੀਆਂ ਵਾਲਾ ਮੰਦਰ ਵੀ ਕਿਹਾ ਜਾਂਦਾ ਹੈ।

ਇਸ ਮੰਦਰ ਦੇ ਦੂਜੇ ਪਾਸੇ ਸਦੀਆਂ ਪੁਰਾਣਾ ਨਾਥਾਂ ਦਾ ਡੇਰਾ ਹੈ ਅਤੇ ਇਸ ਡੇਰੇ 'ਚ ਕਈ ਪੁਰਾਣੇ ਮਹਾਤਮਾ ਦੀਆਂ ਯਾਦਗਾਰਾਂ ਵੀ ਬਣੀਆਂ ਹੋਈਆਂ ਹਨ। ਨਾਥਾਂ ਦੇ ਡੇਰੇ ਨਾਲ ਹੀ ਸ਼ਹਿਰ ਦਾ ਇੱਕੋ ਇਕ ਸਾਂਝਾ ਸ਼ਮਸ਼ਾਨਘਾਟ ਸਥਿਤ ਹੈ। ਇਸ ਤੋਂ ਇਲਾਵਾ ਇਸ ਸ਼ਮਸ਼ਾਨਘਾਟ ਦੇ ਨਾਲ ਹੀ ਸ਼ਹਿਰ ਦੀ ਗਊਸ਼ਾਲਾ ਬਣੀ ਹੋਈ ਹੈ, ਜਿਸ 'ਚ ਸੈਂਕੜੇ ਗਊਆਂ ਦੀ ਸੇਵਾ ਸੰਭਾਲ ਹੋ ਰਹੀ ਹੈ। ਹੁਣ ਤਰਾਸਦੀ ਇਹ ਹੈ ਕਿ ਸ਼ਹਿਰ ਤੋਂ ਇਸ ਧਾਰਮਿਕ ਥਾਵਾਂ ਦਾ ਵਿਚਕਾਰਲਾ ਸੜਕ ਦਾ ਕਰੀਬ 300 ਮੀਟਰ ਦੇ ਟੋਟੇ ਦੀ ਹਾਲਤ ਬਦ ਤੋਂ ਬਦਤਰ ਬਣ ਚੁੱਕੀ ਹੈ ਕਿ ਇੱਥੇ ਸਿਰਫ ਟੋਏ 'ਤੇ ਪੱਥਰ ਹੀ ਪਏ ਦਿਸਦੇ ਹਨ। ਸੜਕ ਦਾ ਕਿਤੇ ਨਾਮ ਨਿਸ਼ਾਨ ਨਹੀ ਹੈ। ਜਦੋਂ ਵੀ ਕਦੇ ਕੋਈ ਮਾੜੀ ਮੋਟੀ ਬਾਰਸ਼ ਪੈਦੀ ਹੈ ਤਾਂ ਇਨ੍ਹਾਂ ਧਾਰਮਿਕ ਥਾਵਾਂ ਅੱਗੇ ਪਾਣੀ ਖੜਾ ਹੋ ਜਾਂਦਾ ਹੈ। ਜੇਕਰ ਭਾਰੀ ਬਾਰਸ਼ ਪੈ ਜਾਵੇ ਤਾਂ ਫਿਰ ਕਈ ਕਈ ਦਿਨ ਆਮ ਲੋਕ ਤੇ ਸ਼ਹਿਰ ਆਉਣ ਲਈ 4-5 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਕਿਸੇ ਹੋਰ ਪਾਸੇ ਤੋਂ ਆਉਣਾ ਪੈਂਦਾ ਹੈ। ਇਸ ਧਾਰਮਿਕ ਮੰਦਰ ਦੇ ਪਿਛਲੇ ਪਾਸੇ ਇਕ ਬਰਸਾਤੀ ਨਾਲ਼ਾ ਵਗਦਾ ਹੈ ਜਿਹੜਾ ਕਿ ਪਿੱਛੋਂ ਬੁੱਢੇ ਦਰਿਆ 'ਚੋਂ ਹੀ ਨਿਕਲਦਾ ਤੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਅੱਗੇ ਦੀ ਹੋ ਕੇ ਇਸ ਮੰਦਰ ਦੇ ਨੇੜਿਓ ਅੱਗੇ ਬੁੱਢੇ ਦਰਿਆ 'ਚ ਫਿਰ ਜਾ ਮਿਲਦਾ ਹੈ। ਇਸ ਬਰਸਾਤੀ ਨਾਲੇ 'ਚ ਦੋ ਢਾਈ ਦਹਾਕੇ ਪਹਿਲਾਂ ਪਾਣੀ ਬਿਲਕੁਲ ਹੀ ਸਾਫ ਹੁੰਦਾ ਸੀ ਤੇ ਇਸ ਨੂੰ ਚਰਨ ਗੰਗਾ ਦਾ ਨਾਮ ਦਿੱਤਾ ਗਿਆ ਸੀ ਪਰ ਹੁਣ ਇਸ ਦਾ ਪਾਣੀ ਬੇਹੱਦ ਪ੍ਰਦੂਸ਼ਤ ਹੋ ਚੁੱਕਾ ਹੈ ਤੇ ਇਸਦੀ ਸਫਾਈ ਨਾ ਹੋਣ ਕਾਰਨ ਕਈ ਥਾਵਾਂ 'ਤੇ ਦਲਦਲ ਬਣ ਚੁੱਕੀ ਹੈ ਤੇ ਇਸਦਾ ਪਾਣੀ ਵੀ ਕਈ ਵਾਰ ਓਵਰ ਫਲੋਅ ਹੋ ਕੇ ਇਸ ਸੜਕ 'ਤੇ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਹੁਣ ਲਾਕਡਾਊਨ ਦੌਰਾਨ ਮੰਦਰ 'ਚ ਕੋਈ ਧਾਰਮਿਕ ਸਮਾਗਮ ਨਹੀਂ ਹੋ ਸਕੇ ਪਰ ਸ਼ਹਿਰ 'ਚ ਹੋਣ ਵਾਲੀਆਂ ਮੌਤਾਂ 'ਤੇ ਮਿ੍ਤਕ ਵਿਅਕਤੀਆਂ ਦੇ ਸੰਸਕਾਰ ਲਈ ਸ਼ਹਿਰ ਵਾਸੀਆਂ ਲਈ ਸ਼ਮਸ਼ਾਨਘਾਟ ਤਕ ਜਾਣ ਲਈ ਇਹ ਇੱਕੋ-ਇਕ ਮੁੱਖ ਰਸਤਾ ਹੈ। ਉਨ੍ਹਾਂ ਕਿਹਾ ਕਿ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਹੋਣ ਕਾਰਨ ਅਜੇ ਸਰਕਾਰ ਦੀ ਮੇਹਰਬਾਨੀ ਦਾ ਪਾਤਰ ਨਹੀਂ ਬਣੀ। ਇਸ ਕਰਕੇ ਇਸ ਦਾ ਮਸਲਾ ਹੱਲ ਕਰਨ ਲਈ ਜਾਂ ਤਾਂ ਨਗਰ ਕੌਂਸਲ ਨੂੰ ਕੁਝ ਕਰਨਾ ਪਵੇਗਾ ਜਾਂ ਫਿਰ ਹਲਕਾ ਵਿਧਾਇਕ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਜ਼ਰੂਰੀ ਲੋੜਾਂ ਨੂੰ ਮਹਿਸੂਸ ਕਰਕੇ ਆਪ ਇਸ ਦਾ ਕੋਈ ਹੱਲ ਕੱਢਣ।