ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਤਾਜਪੁਰ ਰੋਡ ਦੀ ਵਾਸੀ ਸ਼ਾਹ ਜਹਾਨ ਖਾਤੂਨ (40) ਦੀ ਮੌਤ ਦੇ ਮਾਮਲੇ 'ਚ ਉਸ ਦੇ ਭਰਾ ਦਾ ਸ਼ੱਕ ਬਿਲਕੁਲ ਸਹੀ ਨਿਕਲਿਆ। ਸ਼ਾਹ ਜਹਾਨ ਦੇ ਭਰਾ ਨੂੰ ਖਦਸ਼ਾ ਸੀ ਕਿ ਉਸ ਦੀ ਭੈਣ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੇ ਜੀਜੇ ਨੇ ਦਫ਼ਨਾ ਦਿੱਤਾ ਹੈ। ਭਰਾ ਵੱਲੋਂ ਸ਼ੱਕ ਜ਼ਾਹਿਰ ਕਰਨ ਤੇ ਪੁਲਿਸ ਨੇ ਅੌਰਤ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਜਦ ਉਸ ਦਾ ਪੋਸਟਮਾਰਟਮ ਕਰਵਾਇਆ ਤਾਂ ਸਾਹਮਣੇ ਆਇਆ ਕਿ ਅੌਰਤ ਦੇ ਸਰੀਰ ਦੀਆਂ ਕਈ ਪੱਸਲੀਆਂ ਟੁੱਟੀਆਂ ਹੋਈਆਂ ਸਨ ਤੇ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਜੋ ਉਸ ਦੀ ਮੌਤ ਦਾ ਕਾਰਨ ਬਣੀਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ-7 ਦੀ ਪੁਲਿਸ ਨੇ ਸ਼ਾਹ ਜਹਾਨ ਖਾਤੂਨ ਦੇ ਪਤੀ ਸਿਰਾਜ ਅਨਸਾਰੀ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕੇ 18 ਸਾਲ ਪਹਿਲਾਂ ਬਿਹਾਰ ਦੇ ਰਹਿਣ ਵਾਲੇ ਸਿਰਾਜ ਅਨਸਾਰੀ ਦਾ ਵਿਆਹ ਬਿਹਾਰ ਦੀ ਹੀ ਰਹਿਣ ਵਾਲੀ ਸ਼ਾਹ ਜਹਾਨ ਖਾਤੂਨ ਨਾਲ ਹੋਇਆ ਸੀ। ਸ਼ਾਹ ਜਹਾਨ ਖਾਤੂਨ ਦੇ 5 ਬੱਚੇ ਸਨ। ਪੁਲਿਸ ਦੇ ਮੁਤਾਬਕ ਅੰਸਾਰੀ ਅਤੇ ਸ਼ਾਹ ਜਹਾਨ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। 15 ਸਤੰਬਰ ਨੂੰ ਸ਼ਾਹ ਜਹਾਨ ਦੀ ਅਚਾਨਕ ਮੌਤ ਹੋ ਗਈ। ਛੇਤੀ-ਛੇਤੀ 'ਚ ਅਨਸਾਰੀ ਨੇ ਸ਼ੇਰਪੁਰ ਜਾ ਕੇ ਸ਼ਾਹ ਜਹਾਨ ਦੀ ਲਾਸ਼ ਨੂੰ ਦਫ਼ਨਾ ਦਿੱਤਾ। ਅੰਸਾਰੀ ਨੇ ਬਿਹਾਰ ਫੋਨ ਕਰ ਕੇ ਉਸ ਦੇ ਪੇਕੇ ਪਰਿਵਾਰ ਨੂੰ ਮੌਤ ਦੀ ਸੂਚਨਾ ਦੇ ਦਿੱਤੀ। ਬਿਹਾਰ ਤੋਂ ਲੁਧਿਆਣਾ ਪਹੁੰਚੇ ਸ਼ਾਹ ਜਹਾਨ ਦੇ ਭਰਾ ਨੇ ਪਹਿਲੇ ਦਿਨ ਤੋਂ ਹੀ ਆਪਣੇ ਜੀਜੇ ਉੱਪਰ ਸ਼ੱਕ ਪ੍ਰਗਟਾਇਆ। ਉਸ ਦਾ ਕਹਿਣਾ ਸੀ ਕਿ ਅੰਸਾਰੀ ਨੇ ਹੀ ਉਸ ਦੀ ਭੈਣ ਨੂੰ ਮੌਤ ਦੇ ਘਾਟ ਉਤਾਰ ਕੇ ਦਫ਼ਨਾ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ-7 ਦੀ ਪੁਲਿਸ ਨੇ ਸ਼ਾਹ ਜਹਾਨ ਦੀ ਲਾਸ਼ ਨੂੰ ਕਬਰ 'ਚੋਂ ਕਢਵਾਇਆ ਤੇ ਪੋਸਟਮਾਰਟਮ ਲਈ ਭੇਜਿਆ। ਸ਼ੁੱਕਰਵਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਨੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਸਨ। ਪੋਸਟਮਾਰਟਮ ਦੀ ਰਿਪੋਰਟ 'ਚ ਸਾਫ਼ ਹੋਇਆ ਕਿ ਸ਼ਾਹ ਜਹਾਨ ਦੀਆਂ ਕਈ ਪੱਸਲੀਆਂ ਟੁੱਟੀਆਂ ਹੋਈਆਂ ਸਨ ਤੇ ਉਸ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸਨ। ਏਸੀਪੀ ਦਵਿੰਦਰ ਚੌਧਰੀ ਨੇ ਕਿਹਾ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਅੰਸਾਰੀ ਆਪਣੇ ਬੱਚਿਆਂ ਸਮੇਤ ਘਰ ਤੋਂ ਗਾਇਬ ਹੋ ਗਿਆ। ਪੁਲਿਸ ਮੁਤਾਬਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।