ਲੀਕੇਜ ਹੋਣ ਕਾਰਨ ਅੱਤ ਦੀ ਗਰਮੀ 'ਚ ਵੀ ਚਾਲੂ ਨਹੀਂ ਹੋ ਸਕੀ ਪਾਣੀ ਦੀ ਟੈਂਕੀ

ਕੁਲਵਿੰਦਰ ਸਿੰਘ ਰਾਏ, ਖੰਨਾ : ਅੱਤ ਦੀ ਪੈ ਰਹੀ ਗਰਮੀ 'ਚ ਲੋਕਾਂ ਨੂੰ ਪਾਣੀ ਦੇ ਤੁਪਕੇ-ਤੁਪਕੇ ਦੀ ਜ਼ਰੂਰਤ ਹੈ। ਖੰਨਾ ਸ਼ਹਿਰ ਦੀ ਲਾਈਨ ਤੋਂ ਪਾਰ ਇਲਾਕੇ ਦੇ ਸੱਤ ਵਾਰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਕਈ ਸਾਲਾਂ ਬਾਅਦ ਘਰਾਂ 'ਚ ਪਾਣੀ ਮਿਲਣ ਦੀ ਉਮੀਦ 'ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਨਾਲ ਪਾਣੀ ਫਿਰ ਗਿਆ ਹੈ। ਕਰੋੜਾਂ ਰੁਪਏ ਖ਼ਰਚ ਕੇ ਵੀ ਲੋਕਾਂ ਨੂੰ ਪਾਣੀ ਨਸੀਬ ਨਹੀਂ ਹੋ ਗਿਆ। ਕਰੀਬ ਤਿੰਨ ਮਹੀਨੇ ਪਹਿਲਾਂ ਤਿਆਰ ਕੀਤੀ ਪਾਣੀ ਦੀ ਟੈਂਕੀ 'ਚ ਪਾਣੀ ਦੀ ਸਪਲਾਈ ਚਾਲੂ ਨਹੀਂ ਹੋ ਸਕੀ। ਜਦੋਂ ਪਾਣੀ ਭਰਿਆ ਜਾਂਦਾ ਹੈ ਤਾਂ ਟੈਂਕੀ 'ਚੋਂ ਲੀਕੇਜ ਹੋਣ ਲੱਗ ਜਾਂਦੀ ਹੈ। ਜਿਸ ਕਰਕੇ ਇਨ੍ਹਾਂ ਦਿਨਾਂ 'ਚ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਟੈਂਕੀ ਦੀ ਉਸਾਰੀ ਤੋਂ ਬਾਅਦ ਟੈਂਕੀ 'ਚ ਲੀਕੇਜ ਹੋਣ ਕਾਰਨ ਇਸ ਦੀ ਗੁਣਵੱਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਇਲਾਕਾ ਵਾਸੀਆਂ ਨੇ ਸੀਵਰੇਜ ਵਿਭਾਗ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਦੱਸਣਯੋਗ ਹੈ ਕਿ ਅਮਰੂਤ ਸਕੀਮ ਤਹਿਤ ਸੀਵਰੇਜ ਵਿਭਾਗ ਵੱਲੋਂ ਕਰੋੜਾਂ ਦੀ ਲਾਗਤ ਨਾਲ ਲਾਈਨੋਂ ਪਾਰ ਇਲਾਕੇ ਲਈ ਰਤਨਹੇੜੀ ਫਾਟਕਾਂ ਨੇੜੇ ਪਾਣੀ ਦੀ ਟੈਂਕੀ ਬਣਾਈ ਗਈ ਸੀ ਪਰ ਤਿੰਨ ਮਹੀਨੇ ਬੀਤ ਜਾਣ 'ਤੇ ਵੀ ਲੋਕਾਂ ਨੂੰ ਪਾਣੀ ਦੀ ਟੈਂਕੀ 'ਚੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਨਿਊ ਨਰੋਤਮ ਨਗਰ ਮੁਹੱਲਾ ਵਾਸੀ ਬਲਬੀਰ ਚੰਦ ਵਰਮਾ, ਰਜਿੰਦਰ ਬਾਂਸਲ, ਰਾਜ ਰਾਣੀ, ਰਣਧੀਰ ਸਿੰਘ ਮਹਿਮੀ, ਰਜਿੰਦਰ ਸਿੰਘ ਆਹਲੂਵਾਲੀਆ, ਹਰੀਸ਼ ਚੰਦਰ, ਬਸੰਤ ਕੁਮਾਰ ਗਰਗ, ਓਮਪ੍ਰਕਾਸ਼ ਚੌਧਰੀ, ਹੈਪੀ ਆਦਿ ਨੇ ਸੀਵਰੇਜ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਸੀਵਰੇਜ ਵਿਭਾਗ ਨੇ ਕਰੀਬ ਸਵਾ ਸਾਲ ਪਹਿਲਾਂ ਟੈਂਕੀ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ, ਉਸ ਸਮੇਂ ਕੈਬਨਿਟ ਮੰਤਰੀ ਕੋਟਲੀ ਨੇ ਇਸ ਦਾ ਉਦਘਾਟਨ ਕਰਦਿਆਂ ਜਲਦੀ ਹੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦਾ ਭਰੋਸਾ ਦਿੱਤਾ ਸੀ। ਪਾਣੀ ਦੀ ਟੈਂਕੀ ਨੂੰ ਤਿਆਰ ਹੋਏ ਕਰੀਬ ਤਿੰਨ ਮਹੀਨੇ ਹੋ ਗਏ ਹਨ ਪਰ ਲੀਕੇਜ ਹੋਣ ਕਾਰਨ ਟੈਂਕੀ ਨੂੰ ਚਾਲੂ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕ ਕੜਾਕੇ ਦੀ ਗਰਮੀ 'ਚ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਨ੍ਹੀਂ ਦਿਨੀਂ ਖੰਨਾ 'ਚ ਅਮਰੂਤ ਸਕੀਮ ਤਹਿਤ ਸੀਵਰੇਜ ਪਾਈਪਾਂ ਤੇ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਹੈ। ਸੀਵਰੇਜ ਬੋਰਡ ਵੱਲੋਂ ਬਣਾਈ ਪਾਣੀ 'ਚ ਜਦੋਂ 4-5 ਵਾਰ ਪਾਣੀ ਭਰਿਆ ਗਿਆ ਤਾਂ ਟੈਂਕੀ ਚਾਰੋਂ ਪਾਸਿਓਂ ਲੀਕ ਹੋਣ ਲੱਗੀ ਅਤੇ ਹਰ ਵਾਰ ਖਾਲੀ ਕਰਨੀ ਪਈ ਤੇ ਪਾਣੀ ਦੀ ਬਰਬਾਦੀ ਵੀ ਕੀਤੀ ਗਈ।

ਬਹੁਤੇ ਘਰਾਂ 'ਚ ਨਹੀਂ ਦਿੱਤੇ ਗਏ ਕੁਨੈਕਸ਼ਨ

ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਅਜੇ ਤਕ ਲੋਕਾਂ ਦੇ ਘਰਾਂ ਨੂੰ ਵਾਟਰ ਸਪਲਾਈ ਦਾ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ ਹੈ। ਸਗੋਂ ਪ੍ਰਰਾਈਵੇਟ ਲੋਕਾਂ ਨਾਲ ਮਿਲੀਭੁਗਤ ਕਰਕੇ ਕੁਨੈਕਸ਼ਨ ਜੋੜਨ ਦੀ ਗੱਲ ਕਹੀ ਜਾ ਰਹੀ ਹੈ। ਨਿੱਜੀ ਕੰਮ ਕਰਨ ਵਾਲੇ ਪ੍ਰਤੀ ਘਰ 3000 ਰੁਪਏ ਦੀ ਮੰਗ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਅਧਿਕਾਰੀਆਂ ਨੇ ਵੱਖੋਂ-ਵੱਖਰੀਆਂ ਦਿੱਤੀਆਂ ਸਫ਼ਾਈਆਂ

ਵਿਭਾਗ ਦੇ ਐੱਸਡੀਓ ਗੁਰਤੇਜ ਸਿੰਘ ਨੇ ਦੱਸਿਆ ਕਿ ਨਵੀਂ ਟੈਂਕੀ 5-7 ਦਿਨਾਂ ਤਕ ਲੀਕ ਹੁੰਦੀ ਹੈ। ਸੁੱਕ ਜਾਣ ਤੋਂ ਬਾਅਦ ਲੀਕੇਜ ਬੰਦ ਹੋ ਜਾਂਦੀ ਹੈ। ਟੈਂਕੀ ਚਾਲੂ ਕਰਨ ਨੂੰ ਲੈ ਕੇ ਅਧਿਕਾਰੀਆਂ ਦੀਆਂ ਵੱਖੋਂ ਵੱਖਰੀਆਂ ਸਫ਼ਾਈਆਂ ਦਿੱਤੀਆਂ ਐੱਸਡੀਓ ਗੁਰਤੇਜ ਸਿੰਘ ਨੇ ਕਿਹਾ ਕਿ ਇਹ ਨਗਰ ਕੌਂਸਲ ਨੂੰ ਸੰਭਾਲ ਦਿੱਤੀ ਹੈ। ਹੁਣ ਨਗਰ ਕੌਂਸਲ ਨੇ ਚਾਲੂ ਕਰਨੀ ਹੈ। ਐੱਸਡੀਓ ਨੇ ਕਿਹਾ ਕਿ ਲੋਕ ਪਹਿਲਾਂ ਕੂਨੈਕਸ਼ਨ ਲੈਣ ਤੋਂ ਮਨ੍ਹਾਂ ਕਰ ਰਹੇ ਹਨ। ਜਿਸ ਕਰਕੇ ਕਈ ਘਰਾਂ ਦੇ ਕੁਨੈਕਸ਼ਨ ਨਹੀਂ ਹੋਏ। ਜੇਕਰ ਵਿਭਾਗ ਕੋਲ ਫੰਡ ਬਚੇ ਤਾਂ ਹੀ ਵਿਭਾਗ ਕੁਨੈਕਸ਼ਨ ਜੋੜੇਗਾ ਨਹੀਂ ਫਿਰ ਲੋਕਾਂ ਨੂੰ ਆਪ ਹੀ ਕੁਨੈਕਸ਼ਨ ਕਰਵਾਉਣੇ ਪੈਣਗੇ। ਇਸ ਸਬੰਧੀ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਸੀਵਰੇਜ ਬੋਰਡ ਹੀ ਕੰਮ ਦੇਖ ਰਿਹਾ ਹੈ। ਨਗਰ ਕੌਂਸਲ ਨੂੰ ਟੈਂਕੀ ਹਾਲੇ ਹੈੱੱਡ ਓਵਰ ਨਹੀਂ ਕੀਤੀ ਗਈ। ਐੱਸਡੀਓ ਗੁਰਤੇਜ ਸਿੰਘ ਗਲਤ ਆਖ ਰਹੇ ਹਨ।