ਦਲਵਿੰਦਰ ਸਿੰਘ ਰਛੀਨ, ਰਾਏਕੋਟ

ਕੋਰੋਨਾ ਮਹਾਮਾਰੀ ਸਮੇਂ ਕੰਮਕਾਰ ਠੱਪ ਹੋਣ ਦੌਰਾਨ ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਮੋਟੀਆਂ ਰਕਮਾਂ ਵਾਲੇ ਬਿਜਲੀ ਬਿੱਲ ਭੇਜਣ 'ਤੇ ਅੱਜ ਇਥੇ ਅਕਾਲੀ-ਭਾਜਪਾ ਆਗੂਆਂ ਨੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਬਿਜਲੀ ਬਿੱਲਾਂ ਰਾਹੀਂ ਲੋਕਾਂ ਦਾ ਕਚੂੰਮਰ ਕੱਢਣ ਵਾਲੀ ਕਾਂਗਰਸ ਸਰਕਾਰ 'ਤੇ ਦੋਹਰਾ ਮਾਪਦੰਡ ਅਪਨਾਉਣ ਦੇ ਦੋਸ਼ ਲਾਏ ਹਨ।

ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਕੈਪਟਨ ਸਰਕਾਰ ਦੀ ਬੇਰੁਖੀ ਕਾਰਨ ਹੀ ਪਾਵਰਕਾਮ ਲੋਕਾਂ ਦਾ ਆਰਥਿਕ ਤੌਰ 'ਤੇ ਸ਼ੋਸ਼ਣ ਕਰ ਰਹੀ ਹੈ, ਜਿਸ ਵੱਲੋਂ ਮਾਰਚ ਮਹੀਨੇ 'ਚ ਆਨਲਾਈਨ ਬਿਜਲੀ ਦਾ ਬਿੱਲ ਭਰਨ ਵਾਲੇ ਖਪਤਕਾਰਾਂ ਨੂੰ ਦੁਬਾਰਾ ਮੋਟੀਆਂ-ਮੋਟੀਆਂ ਰਕਮਾਂ ਵਾਲੇ ਬਿਜਲੀ ਦੇ ਬਿੱਲ ਭੇਜੇ ਹਨ, ਜਦਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮਾਰਚ ਮਹੀਨੇ ਵਿਚ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਤੇ ਜੁਰਮਾਨੇ ਤੋਂ ਰਾਹਤ ਦੇਣ ਦੀ ਗੱਲ ਆਖੀ ਸੀ ਪ੍ਰੰਤੂ ਹੁਣ ਖਪਤਕਾਰਾਂ ਨੂੰ ਤਿੰਨ-ਤਿੰਨ ਮਹੀਨਿਆਂ ਦੇ ਇਕੱਠੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਫੈਲਣ ਦੌਰਾਨ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਤਕ ਸਮੁੱਚੀ ਕਾਂਗਰਸ ਪਾਰਟੀ ਆਮ ਲੋਕਾਂ ਦੀਆਂ ਮੁਸ਼ਕਲਾਂ ਲਈ ਦੋਹਰਾ ਮਾਪਦੰਡ ਅਪਨਾ ਰਹੀ ਹੈ, ਕੋਵਿਡ-19 ਦੇ ਮੱਦੇਨਜ਼ਰ ਯੂਪੀ ਸਰਕਾਰ ਨੂੰ ਬਿਜਲੀ ਮਾਫ ਕਰਨ ਲਈ ਕਹਿਣ ਵਾਲੀ ਪਿ੍ਰਕੰਕਾ ਗਾਂਧੀ ਨੇ ਇਹ ਹਦਾਇਤਾਂ ਆਪਣੀ ਪਾਰਟੀ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਦਿੱਤੀਆਂ, ਜਦਕਿ ਦੇਸ਼ ਵਿਚ ਸਭ ਤੋਂ ਵੱਧ ਬਿਜਲੀ ਮਹਿੰਗੀ ਪੰਜਾਬ ਵਿਚ ਹੈ, ਜਿਸ ਨੇ ਲੋਕਾਂ 'ਤੇ ਭਾਰੀ ਆਰਥਿਕ ਬੋਝ ਪਾਇਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੋਰੋਨਾ ਕਾਰਨ ਮੌਜੂਦਾ ਹਾਲਾਤਾਂ ਨੂੰ ਦੇਖ ਦੇ ਹੋਏ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਬਿੱਲਾਂ ਤੋਂ ਰਾਹਤ ਦੇਵੇ ਤਾਂ ਜੋ ਲੋਕ ਇਹ ਮੁਸ਼ਕਿਲ ਘੜੀ ਅਸਾਨੀ ਨਾਲ ਕੱਢ ਸਕਣ। ਇਸ ਮੌਕੇ ਸ਼ਹਿਰੀ ਪ੍ਰਧਾਨ ਡਾ. ਹਰਪਾਲ ਸਿੰਘ ਗਰੇਵਾਲ ਕੌਂਸਲਰ, ਡਾ. ਅਸ਼ੋਕ ਸ਼ਰਮਾ, ਬਾਵਾ ਚੋਪੜਾ ਸੀਨੀਅਰ ਯੂਥ ਅਕਾਲੀ ਆਗੂ, ਦੀਪਕ ਬਾਂਸਲ ਮੰਡਲ ਪ੍ਰਧਾਨ ਭਾਜਪਾ, ਕਪਿਲ ਗਰਗ, ਅਜੇ ਗਿੱਲ ਆਦਿ ਆਗੂ ਹਾਜ਼ਰ ਸਨ।