ਨਸ਼ਿਆਂ ਸਬੰਧੀ ਸੈਮੀਨਾਰ ਕਰਵਾਇਆ
ਗੁੱਜਰਵਾਲ ਵਿਖੇ ਨਸ਼ਿਆਂ ਸਬੰਧੀ ਸੈਮੀਨਾਰ ਆਯੋਜਿਤ
Publish Date: Mon, 01 Dec 2025 07:48 PM (IST)
Updated Date: Mon, 01 Dec 2025 07:50 PM (IST)
ਜਗਦੇਵ ਗਰੇਵਾਲ, ਪੰਜਾਬੀ ਜਾਗਰਣ
ਜੋਧਾਂ : ਪਿੰਡ ਗੁੱਜਰਵਾਲ ਦੀ ਆਧੁਨਿਕ ਪਾਰਕ ਵਿਖੇ ਨਸ਼ਿਆਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਮਹਾਨ ਗੁਰੂ ਸਾਹਿਬਾਨਾਂ ਦੇ ਉੱਚੇ ਸੁੱਚੇ ਕਿਰਦਾਰਾਂ ਅਤੇ ਜੀਵਨ ਫਲਸਫ਼ੇ ਸਬੰਧੀ ਜਾਗਰੂਕ ਕਰ ਕੇ ਮਾੜੀਆਂ ਕੁਰੀਤੀਆਂ ਤੇ ਗ਼ਲਤ ਸੰਗਤ ਤੋਂ ਬਚਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਲਈ ਛੋਟੇ ਹੁੰਦਿਆਂ ਤੋਂ ਹੀ ਉਪਰਾਲੇ ਕਰਨੇ ਚਾਹੀਦੇ ਹਨ। ਬੱਚਿਆਂ ਨੂੰ ਮੂਲਮੰਤਰ ਦਾ ਪਾਠ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਨਸ਼ਿਆਂ ਦੇ ਦਿਨੋਂ-ਦਿਨ ਵੱਧ ਫੁੱਲ ਰਹੇ ਰੁਝਾਨ ਨੂੰ ਰੋਕਣ ਲਈ ਲੋਕਾਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ। ਨਸ਼ਿਆਂ ਰੂਪੀ ਕੋਹੜ ਦੀ ਬਿਮਾਰੀ ਦੇ ਖਾਤਮੇ ਲਈ ਸਮੁੱਚੇ ਸਮਾਜ ਨੂੰ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵਪਾਰ ਕਰਨ ਵਾਲੇ ਸਫੇਦਪੋਸ ਇਨਸਾਨਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਹੋਣਾ ਪਵੇਗਾ। ਕਾਮਰੇਡ ਜੋਧਾਂ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਰਾਜ ’ਚ ਨਸ਼ਿਆਂ ਦਾ ਰੁਝਾਨ ਵੱਡੀ ਪੱਧਰ ’ਤੇ ਵਧਿਆ ਹੈ। ਇਸ ਮੌਕੇ ਬਾਬਾ ਸ਼ਮਸ਼ੇਰ ਸਿੰਘ ਜੰਗੇੜੇ ਵਾਲਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਕੁਰੀਤੀਆਂ ਤੋਂ ਕਿਨਾਰਾ ਕਰਕੇ ਦੇਸ਼ ਸਮਾਜ ਦੀ ਭਲਾਈ ਲਈ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੱਥੇਦਾਰ ਜਗਰੂਪ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਗਰੇਵਾਲ, ਜਗਦੇਵ ਸਿੰਘ ਗਰੇਵਾਲ, ਬਾਬਾ ਖੁਸ਼ਕਿਸਮਤ ਸਿੰਘ, ਮਾਸਟਰ ਸੁਖਪਾਲ ਸਿੰਘ ਗਰੇਵਾਲ, ਉਪਕਾਰ ਸਿੰਘ ਗਰੇਵਾਲ, ਕਮਲਜੀਤ ਸਿੰਘ ਗਰੇਵਾਲ, ਸਰਬਜੀਤ ਸਿੰਘ ਸੋਨੂੰ, ਕੁਲਦੀਪ ਸਿੰਘ ਰਾਜੂ ਪੰਚ, ਪ੍ਰਿਤਪਾਲ ਸਿੰਘ ਪੰਚ, ਮਾਸਟਰ ਹਰਜੋਤ ਸਿੰਘ, ਪ੍ਰਧਾਨ ਦਿਆਲ ਸਿੰਘ, ਡਾ. ਜਸਵੀਰ ਕੌਰ ਜੋਧਾਂ, ਮਨਜੀਤ ਸਿੰਘ, ਪਾਲ ਸਿੰਘ ਧਾਲੀਵਾਲ, ਹਰਮੇਲ ਸਿੰਘ, ਸੰਤੋਖ ਸਿੰਘ, ਗੁਰਦੀਪ ਸਿੰਘ, ਰਣਧੀਰ ਸਿੰਘ ਆਦਿ ਹਾਜ਼ਰ ਸਨ।