ਪੱਤਰ ਪ੍ਰਰੇਰਕ, ਲੁਧਿਆਣਾ : ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਪਿੜ੍ਹਾਈ ਸੀਜ਼ਨ 2017-18 ਤੇ ਸੀਜ਼ਨ 2018-19 ਦੀ ਬਕਾਇਆ ਰਹਿੰਦੀ ਰਾਸ਼ੀ 27 ਕਰੋੜ ਰੁਪਏ ਦੇ ਚੈੱਕ ਗੰਨਾ ਕਾਸ਼ਤਕਾਰਾਂ ਨੂੰ ਵੰਡਣ ਲਈ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਨਜੀਤ ਸਿੰਘ ਸੋਨੀ ਗਾਲਿਬ, ਜ਼ਿਲ੍ਹਾ ਪ੍ਰਧਾਨ, ਲੁਧਿਆਣਾ (ਦਿਹਾਤੀ) ਵੱਲੋਂ ਕੀਤੀ ਗਈ ਤੇ ਉਨ੍ਹਾਂ ਨੇ ਮੌਕੇ 'ਤੇ ਹੀ ਦਾਖ਼ਾ ਹਲਕੇ ਦੇ 23 ਕਿਸਾਨਾਂ ਦਾ 65 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਿਰ-ਤੋੜ ਯਤਨ ਕਰ ਰਹੀ ਹੈ। ਉਨ੍ਹਾਂ ਜ਼ਿਮੀਂਦਾਰਾਂ ਤੇ ਮਿੱਲ ਮੁਲਾਜ਼ਮਾਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਦੀਆਂ ਪਿਛਲੀਆਂ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਦੀਆਂ ਜੋ ਪ੍ਰਰਾਪਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਬਰਕਰਾਰ ਰੱਖਿਆ ਜਾਵੇ। ਮਿੱਲ ਦੀ ਪਿੜ੍ਹਾਈ ਲਈ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ, ਤਾਂ ਜੋ ਮਿੱਲ ਆਪਣੀ ਸਮਰੱਥਾ ਅਨੁਸਾਰ ਪਿੜ੍ਹਾਈ ਲਈ ਗੰਨਾ ਪੈਦਾ ਕਰ ਸਕੇ।

ਇਸ ਦੌਰਾਨ ਸੋਨੀ ਗਾਲਿਬ ਨੇ ਦੱਸਿਆ ਕਿ ਇੰਨ-ਸੀਟੂ ਮੈਨੇਜਮੈਂਟ ਆਫ ਕਰਾਪ ਰੈਜ਼ਿਡਿਊ ਸਕੀਮ 2019 ਤਹਿਤ ਕਿਸਾਨਾਂ ਨੂੰ ਖੇਤੀਬਾੜੀ ਲਈ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਣੀ ਹੈ। ਇਸ ਸਾਲ ਪ੍ਰਮੁੱਖ ਤੌਰ 'ਤੇ ਵਿਅਕਤੀਗਤ ਕਿਸਾਨਾਂ ਨੂੰ ਹੈਪੀ ਸੀਡਰ, ਰਿਵਰਸੀਬਲ ਹਾਈਡਰੌਲਿਕ ਐੱਮਬੀਪਲਾਓ, ਪੈਡੀ ਸਟਰਾਅ ਮਲਚਰ/ਚੌਪਰ, ਜ਼ੀਰੋ ਟਿੱਲ ਡਰਿੱਲ ਤੇ ਕੰਬਾਈਨਾਂ 'ਤੇ ਲੱਗਣ ਵਾਲੇ ਸੁਪਰ ਐੱਸਐੱਮਐੱਸ 'ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ ਤੇ ਕਿਸਾਨ ਗਰੁੱਪ ਬਣਾ ਕੇ ਮਸ਼ੀਨਰੀ ਲੈਣ ਵਾਲੇ 210 ਅਜਿਹੇ ਗਰੁੱਪਾਂ ਨੂੰ 80 ਫ਼ੀਸਦੀ ਦੀ ਦਰ ਨਾਲ ਸਬਸਿਡੀ ਦੀ ਅਦਾਇਗੀ ਕੀਤੀ ਜਾਣੀ ਹੈ। ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਲਾਭਪਾਤਰੀਆਂ ਨੂੰ ਮਸ਼ੀਨਰੀ ਖ਼ਰੀਦਣ ਲਈ ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਹਨ ਤੇ ਸਬਸਿਡੀ ਦੀ ਅਦਾਇਗੀ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸੇ ਸਕੀਮ ਤਹਿਤ ਪਿਛਲੇ ਸਾਲ ਵੀ ਖੇਤੀਬਾੜੀ ਵਿਭਾਗ ਤੇ ਸਹਿਕਾਰੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ/ਸਹਿਕਾਰੀ ਸਭਾਵਾਂ ਨੂੰ ਤਕਰੀਬਨ 2623 ਮਸ਼ੀਨਾਂ ਉੱਪਰ 23.68 ਕਰੋੜ ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਗਈ ਸੀ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਐੱਸਕੇ ਕੁਰੀਲ ਨੇ ਸਮਾਗਮ ਨੂੰ ਸਬੰਧਿਨ ਕਰਦਿਆ ਦੱਸਿਆ ਕਿ ਪਿੜ੍ਹਾਈ ਸੀਜ਼ਨ ਸਾਲ 2017-18 ਤੇ ਸਾਲ 2018-19 ਦੀ ਬੁੱਢੇਵਾਲ ਖੰਡ ਮਿੱਲ ਨਾਲ ਸਬੰਧਿਤ ਬਕਾਇਆ ਰਾਸ਼ੀ ਦਾ 100 ਫ਼ੀਸਦੀ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਚੁੱਕਾ ਹੈ ਤੇ ਮਿੱਲ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਦੇ ਚੈੱਕ ਦਿੱਤੇ ਜਾ ਰਹੇ ਹਨ। ਇਸ ਮੌਕੇ ਦਰਸ਼ਨ ਸਿੰਘ ਬੀਰਮੀ, ਆਨੰਦ ਸਰੂਪ ਮੋਹੀ, ਕਰਨ ਬੜਿੰਗ, ਵਾਈਸ ਚੇਅਰਮੈਨ (541), ਗੁਰਦੀਪ ਸਿੰਘ ਚੱਕ, (ਪੀਏ ਰਵਨੀਤ ਬਿੱਟੂ) ਮਨਜੀਤ ਸਿੰਘ ਭਰੋਵਾਲ ਅਤੇ ਈਸ਼ਵਰਜੋਤ ਸਿੰਘ ਚੀਮਾ, ਮਿੱਲ ਦੇ ਸਮੂਹ ਅਧਿਕਾਰੀ, ਕਰਮਚਾਰੀ ਅਤੇ ਇਲਾਕੇ ਦੇ ਗੰਨਾ ਕਾਸ਼ਤਕਾਰ ਉਚੇਚੇ ਤੌਰ 'ਤੇ ਹਾਜ਼ਰ ਸਨ।