ਸਟਾਫ਼ ਰਿਪੋਰਟਰ, ਖੰਨਾ : ਨਜ਼ਦੀਕੀ ਪਿੰਡ ਭਾਦਲਾ ਵਿਖੇ ਸੋਮਵਾਰ ਦੀ ਦੇਰ ਰਾਤ ਨੂੰ ਹਥਿਆਰਬੰਦ ਲੁਟੇਰਿਆਂ ਨੇ ਇੱਕ ਸਕਰੈਪ ਫੈਕਟਰੀ ਦੇ ਗੁਦਾਮ 'ਤੇ ਹੱਲਾ ਬੋਲ ਦਿੱਤਾ। ਲੁਟੇਰਿਆਂ ਨੇ ਪਹਿਲਾਂ ਚੌਂਕੀਦਾਰ ਦੇ ਸਿਰ 'ਚ ਤਲਵਾਰ ਮਾਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਉਸ ਦੇ ਬਾਅਦ ਉਹ ਉੱਥੇ ਖੜ੍ਹੀ ਮਹਿੰਦਰਾ ਜੀਪ 'ਚ ਲੱਖਾਂ ਰੁਪਏ ਦੀ ਸਕਰੈਪ ਭਰ ਕੇ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਚੌਂਕੀਦਾਰ ਨੂੰ ਬੰਧਕ ਬਣਾ ਕੇ ਰਿੱਖਆ। ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਫੈਕਟਰੀ ਮਾਲਿਕ ਦਰਸ਼ਨ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਜੀਰਾ ਰਾਮ (60) ਫੈਕਟਰੀ 'ਚ ਕਰੀਬ ਦਸ ਸਾਲਾਂ ਤੋਂ ਚੌਂਕੀਦਾਰ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਫੈਕਟਰੀ 'ਚ ਹੀ ਸੌਂ ਰਿਹਾ ਸੀ ਤਾਂ ਕਰੀਬ ਇਕ ਵਜੇ ਫੈਕਟਰੀ ਦੇ ਬਾਹਰ ਕਾਰ ਦੇ ਰੱੁਕਣ ਦੀ ਆਵਾਜ਼ ਸੁਣਾਈ ਦਿੱਤੀ। ਇਸ 'ਚ ਹਥਿਆਰਾਂ ਨਾਲ ਲੈਸ 5-6 ਵਿਅਕਤੀ ਫੈਕਟਰੀ 'ਚ ਕੰਧ ਟੱਪ ਕੇ ਅੰਦਰ ਆ ਗਏ। ਉਨ੍ਹਾਂ ਨੇ ਜੀਰਾ ਰਾਮ ਦੇ ਸਿਰ 'ਚ ਤਲਵਾਰ ਮਾਰ ਜਖ਼ਮੀ ਕਰ ਦਿੱਤਾ। ਜਖ਼ਮੀ ਜੀਰਾ ਰਾਮ ਨੂੰ ਕਮਰੇ 'ਚ ਕੱਪੜਿਆਂ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਉਸ ਦਾ ਮੂੰਹ ਵੀ ਬੰਦ ਕਰ ਦਿੱਤਾ ਗਿਆ।

ਫੈਕਟਰੀ 'ਚ ਖੜ੍ਹੀ ਜੀਪ 'ਚ ਲੁਟੇਰਿਆਂ ਨੇ ਸਕਰੈਪ ਭਰੀ ਤੇ ਫਰਾਰ ਹੋ ਗਏ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੇ ਅਨੁਸਾਰ ਲੁਟੇਰੇ ਕਰੀਬ ਇੱਕ ਵਜੇ ਆਉਂਦੇ ਹਨ ਤੇ ਸਵਾ ਦੋ ਵਜੇ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਜਾਂਦੇ ਹਨ। ਸਵੇਰੇ ਸਾਢੇ ਪੰਜ ਵਜੇ ਤੱਕ ਜੀਰਾ ਰਾਮ ਕਿਸੇ ਤਰ੍ਹਾਂ ਨਾਲ ਆਪਣੇ ਹੱਥ ਖੋਲ੍ਹ ਫੈਕਟਰੀ ਦੇ ਬਾਹਰ ਨਿਕਲਿਆ ਤੇ ਫੋਨ ਕਰ ਸੂਚਨਾ ਦਿੱਤੀ ਗਈ। ਐੱਸਐੱਚਓ ਬਲਜਿੰਦਰ ਸਿੰਘ ਨੇ ਕਿਹਾ ਕਿ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਕਰ ਜਾਰੀ ਦਿੱਤੀ ਗਈ ਹੈ। ਫੈਕਟਰੀ ਦੇ ਇਲਾਵਾ ਆਸਪਾਸ ਦੀਆਂ ਇਮਾਰਤਾਂ 'ਚ ਲੱਗੇ ਸੀਸੀਟੀਵੀ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।