ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਡਾਬਾ ਕਲੌਨੀ ਸਥਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨਿਆਂ ਵੱਲੋਂ ਪੂਰੇ ਉਤਸ਼ਾਹ ਨਾਲ ਰੈੱਡ ਡੇਅ ਮਨਾਇਆ ਗਿਆ। ਗੁਲਾਬ ਦੇ ਫੁੱਲਾਂ ਦਾ ਭੁਲੇਖਾ ਪਾਉਂਦੇ ਸਭ ਬੱਚੇ ਲਾਲ ਰੰਗ ਦੀਆਂ ਪੁਸ਼ਾਕਾਂ ਵਿਚ ਸਜ ਕੇ ਪਹੁੰਚੇ ਹੋਏ ਸਨ। ਇਸ ਮੌਕੇ ਤੀਜੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਕਰਵਾਏ ਗਏ ਸਕੇਟਿੰਗ ਤੇ ਚੈੱਸ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਮੌਕੇ ਮਸਤੀ ਕੈਂਪਸ ਨਾਮਕ ਸਮਾਗਮ ਵੀ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਆਪੋ-ਆਪਣਾ ਟੇਲੈਂਟ ਵਿਖਾਉਂਦਿਆਂ ਕਲਾ ਦੇ ਵੱਖ ਵੱਖ ਜੌਹਰ ਵਿਖਾਏ।

ਅੰਤ 'ਚ ਸਭ ਦਾ ਧੰਨਵਾਦ ਕਰਦਿਆਂ ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਤੇ ਪਿ੍ਰੰਸੀਪਲ ਪਾਰਸ ਮਨੀ ਨੇ ਕਿਹਾ ਕਿ ਹਰ ਬੱਚੇ 'ਚ ਕੋਈ ਨਾ ਕੋਈ ਟੇਲੈਂਟ ਜ਼ਰੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹੋਰ ਸਰਗਰਮੀਆਂ 'ਚ ਵੀ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।