ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਰਫਿਊ ਦੇ ਬਾਵਜੂਦ ਬੇਖ਼ੌਫ ਲੁਟੇਰੇ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੁਝ ਦਿਨਾਂ ਤੋਂ ਸ਼ਹਿਰ 'ਚ ਬੇਖੌਫ਼ ਹੋ ਕੇ ਘੁੰਮ ਰਹੇ ਲੁਟੇਰੇ ਚਾਕੂ ਵਿਖਾ ਕੇ ਮੁਟਿਆਰਾਂ ਤੇ ਅੌਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸ਼ੇਰਪੁਰ ਇਲਾਕੇ 'ਚ ਵੀ ਚਾਰ ਲੁਟੇਰਿਆਂ ਨੇ ਪਿੰਡ ਅਲੀਪੁਰ ਮੁਹਾਲੀ ਦੀ ਰਹਿਣ ਵਾਲੀ ਅੌਰਤ ਕੋਲੋਂ ਉਸ ਦਾ ਸਕੂਟਰ ਤੇ ਪੰਜ ਹਜ਼ਾਰ ਦੀ ਨਕਦੀ ਲੁੱਟ ਲਈ। ਮਾਮਲੇ 'ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸਵਰਨ ਕੌਰ ਦੇ ਬਿਆਨਾਂ 'ਤੇ ਚਾਰ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸਵਰਨ ਕੌਰ ਨੇ ਦੱਸਿਆ ਕਿ ਉਹ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਆਪਣੇ ਐਕਟਿਵਾ ਸਕੂਟਰ 'ਤੇ ਸਵਾਰ ਹੋ ਕੇ ਸਬਜ਼ੀ ਲੈਣ ਲਈ ਸ਼ੇਰਪੁਰ ਚੌਕ 'ਚ ਪੈਂਦੇ ਹਸਪਤਾਲ ਨੇੜੇ ਗਈ ਸੀ। ਦੁਕਾਨ ਬੰਦ ਹੋਣ ਕਾਰਨ ਉਹ ਸ਼ੇਰਪੁਰ ਚੌਕ 'ਚ ਪੈਟਰੋਲ ਪੰਪ ਦੇ ਸਾਹਮਣੇ ਆ ਗਈ। ਅੌਰਤ ਨੇ ਦੱਸਿਆ ਕਿ ਇਸੇ ਦੌਰਾਨ ਉਥੇ ਚਾਰ ਨੌਜਵਾਨ ਆਏ। ਮੁਟਿਆਰ ਮੁਤਾਬਕ ਬਦਮਾਸ਼ਾਂ 'ਚੋਂ ਇਕ ਨੇ ਚਾਕੂ ਦੀ ਨੋਕ 'ਤੇ ਉਸ ਨੂੰ ਡਰਾਇਆ ਤੇ ਐਕਟਿਵਾ ਸਕੂਟਰ ਲੁੱਟ ਲਿਆ। ਚਾਰੇ ਮੁਲਜ਼ਮ ਮੁਟਿਆਰ ਨੂੰ ਧਮਕੀਆਂ ਦਿੰਦੇ ਹੋਏ ਉੱਥੋਂ ਫ਼ਰਾਰ ਹੋ ਗਏ। ਮੁਟਿਆਰ ਮੁਤਾਬਕ ਉਸ ਦੇ ਸਕੂਟਰ 'ਚ ਪੰਜ ਹਜ਼ਾਰ ਦੀ ਨਕਦੀ ਤੋਂ ਇਲਾਵਾ ਕੁਝ ਜ਼ਰੂਰੀ ਕਾਗਜ਼ਾਤ ਵੀ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਮੋਤੀ ਨਗਰ ਦੇ ਏਐੱਸਆਈ ਗੁਰਜੀਤ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸਵਰਨ ਕੌਰ ਦੇ ਬਿਆਨ ਲੈ ਕੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਰਜਿਸਟਰਡ ਕਰ ਲਿਆ ਗਿਆ ਹੈ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਲੈ ਕੇ ਬਦਮਾਸ਼ਾਂ ਨੂੰ ਭਾਲਣ ਦਾ ਯਤਨ ਕਰ ਰਹੀ ਹੈ। ਗੁਰਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।