ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਚੰਡੀਗੜ੍ਹ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੱਦੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮਹਿੰਗਾਈ ਵਿਰੁੱਧ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਵਿਰੁੱਧ ਕੀਤੇ ਹੱਲਾ ਬੋਲ ਰੋਸ ਪ੍ਰਦਰਸ਼ਨ ਦੌਰਾਨ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਰਗਰਮ ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ ਵਲੋਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਪ੍ਰਧਾਨ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਸਮੇਤ ਹੋਰਨਾਂ ਨਾਲ ਗਿ੍ਫ਼ਤਾਰੀ ਦਿੱਤੀ ਗਈ।

ਜਦੋਂ ਸਮੂਹ ਕਾਂਗਰਸੀ ਆਗੂਆਂ ਨੂੰ ਪੁਲਿਸ ਵਲੋਂ ਬੱਸ ਰਾਹੀਂ ਸੈਕਟਰ 3 ਦੇ ਪੁਲਿਸ ਥਾਣੇ ਲਿਜਾਇਆ ਜਾ ਰਿਹਾ ਸੀ ਤਾਂ ਸਰਪੰਚ ਗੋਲਡੀ ਰੰਧਾਵਾ ਨੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਚੰਡੀਗੜ੍ਹ ਪੁੱਜੇ ਸਰਪੰਚ ਗੋਲਡੀ ਭਰਥਲਾ ਰੰਧਾਵਾ ਨੇ ਥਾਣੇ ਤੋਂ ਰਿਹਾਅ ਹੋਣ ਉਪਰੰਤ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਅੱਛੇ ਦਿਨਾਂ ਦਾ ਸਬਜ਼ਬਾਗ ਵਿਖਾ ਕੇ ਸੱਤਾ 'ਚ ਆਈ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਰਾਜ ਦੌਰਾਨ ਰੋਜ਼ਾਨਾ ਤੇਲ, ਰਸੋਈ ਗੈਸ ਤੇ ਹੋਰ ਘਰੇਲੂ ਬਜਟ ਦੀਆਂ ਵਸਤੂਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਸ ਮੌਕੇ ਪੰਚ ਬਿਕਰਮਜੀਤ ਸਿੰਘ, ਰੁਪਿੰਦਰ ਸਿੰਘ ਗਿਆਨੀ ਤੇ ਸਮਨਪ੍ਰਰੀਤ ਖੰਨਾ ਆਦਿ ਹਾਜ਼ਰ ਸਨ।